|
| |
ਭਗਵਾਨ ਬਣਨ ਤੋਂ ਪਹਿਲਾਂ ਦੇ ਪ੍ਰੋਫੈਸਰ ਓਸ਼ੋ
ਰਜਨੀਸ਼ ਭਗਵਾਨ ਦੇ ਕਿਸੇ ਵੇਲੇ ਦੇ ਸਾਥੀ
-ਕਾਂਤੀ ਕੁਮਾਰ ਜੈਨ ਦਸਦੇ ਹਨ ਕਿ ਗਾਡਰਵਾੜੇ ਦਾ ਰਜਨੀਸ਼ ਮੋਹਨ ਜੈਨ ਜਿ ਨੂੰ ਪਤਾ ਲਗ ਗਿਆ ਕਿ
ਮਨੁਖਾਂ ਵਿਚ ਵੀ ਭੇਡਚਾਲ ਵਾਲੀ ਮਨੋ ਬਿਰਤੀ ਹੁੰਦੀ ਹੈ, ਬਸ ਹਿੱਕਣ ਵਾਲਾ ਚਾਹੀਦੈ। ਪਰ ਲਛਮੀ ਦੇ
ਇਸ਼ਕ ਨੇ ਰਜਨੀ ਨੂੰ ਅਜਿਹਾ ਦੀਵਾਨਾ ਬਣਾਇਆ ਕਿ 'ਸੰਭੋਗ ਤੋ ਸਮਾਧੀ' ਲਈ ਉਸ ਹਜਾਰਾਂ ਲਛਮੀਆਂ
ਤਿਆਰ ਕਰ ਦਿਤੀਆਂ।-ਅਨੁਵਾਦ- ਕਿਰਪਾਲ ਕਜ਼ਾਕ
ਵੀਹਵੀਂ ਸਦੀ ਦੇ ਮਹਾ ਪੁਰਖ ਗਾਡਰਵਾੜਾ ਦੇ ਰਜਨੀਸ ਮੋਹਨ ਜੈਨ ਨੂੰ
ਸਮਝ ਆ ਚੁੱਕੀ ਸੀ ਕਿ ਮਨੁਖਾਂ ਵਿਚ ਵੀ ਭੇਡਚਾਲ ਵਾਲੀ ਮਨੋ ਬਿਰਤੀ ਹੁੰਦੀ ਹੈ, ਬਸ ਹਿੱਕਣ ਵਾਲਾ
ਚਾਹੀਦੈ। ਪਰ ਦੁਨੀਆਂ ਦੇ ਉਸ ਸਭ ਤੋਂ ਵੱਧ ਪੜੇ ਦਾਰਸ਼ਨਿਕ ਨੂੰ ਲਛਮੀ ਦੇ ਇਸ਼ਕ ਨੇ ਅਜਿਹਾ
ਦੀਵਾਨਾ ਬਣਾਇਆ ਕਿ 'ਸੰਭੋਗ ਤੋ ਸਮਾਧੀ' ਲਈ ਉਸ ਹਜਾਰਾਂ ਲਛਮੀਆਂ ਤਿਆਰ ਕਰ ਦਿਤੀਆਂ। ਅਜਿਹੇ ਹੀ
ਕੁਝ ਵੀਚਾਰ ਹਨ ਭਗਵਾਨ ਓਸ਼ੋ ਦੇ ਇਕ ਨਜਦੀਕੀ ਸਾਥੀ ਕਾਂਤੀ ਕੁਮਾਰ ਜੈਨ ਦੇ।
ਜਿਥੋਂ ਤਕ ਰੂਹਾਨੀਅਤ ਦੇ ਖੇਤਰ ਦਾ ਸਬੰਧ ਹੈ ਇਹ ਸੰਪਾਦਕ ਨਾਂ ਤਿੰਨਾਂ
'ਚੋ ਤੇ ਨਾਂ ਤੇਰ੍ਹਾਂ 'ਚੋ ਹੈ ਪਰ ਇਨ੍ਹਾਂ ਜਰੂਰ ਕਹਿ ਸਕਦੇ ਹਾਂ ਕਿ ਸੰਤ ਜਾਂ ਰੱਬ ਤਕ ਪੁਜੇ ਹੋਏ
ਬੰਦੇ ਦੂਸਰਿਆਂ ਤੋਂ ਅਲੱਗ ਥਲੱਗ ਹੀ ਹੁੰਦੇ ਨੇ। ਜੋ ਆਮ ਲੋਕਾਂ ਦੀਆਂ ਕਮਜੋਰੀਆਂ ਹੁੰਦੀਆਂ ਹਨ ਉਹ
ਸੰਤਾਂ ਨੂੰ ਨਹੀ ਪੋਹਦੀਆਂ। ਉਨਾਂ ਦੀ 'ਮੈਂ' ਖਤਮ ਹੋ ਚੁਕੀ ਹੁੰਦੀ ਹੈ। ਉਹ ਆਪਣੀ ਤਾਰੀਫ
ਸੁਣ ਕੇ ਖੁਸ਼ ਨਹੀ ਹੁੰਦੇ ਤੇ ਨਾਂ ਹੀ ਆਪਣੀ ਗਲਤੀ ਜਾਂ ਕਮਜੋਰੀ ਤੇ ਪੜਦੇ ਪਾਉਦੇ ਹਨ। ਉਹ ਕਾਮ
ਕ੍ਰੋਧ ਲੋਭ ਮੋਹ ਹੰਕਾਰ ਜਿਹੀਆਂ ਇਨਸਾਨੀ ਕਮਜੋਰੀਆਂ ਦੇ ਸ਼ਿਕਾਰ ਨਹੀ ਹੁੰਦੇ। ਉਹ ਕਹਿਦੇ ਹਨ ਕਿ
ਸੱਚ ਦਾ ਹੀ ਦੂਸਰਾ ਨਾਂ ਪ੍ਰਮਾਤਮਾ ਹੈ। ਉਹ ਲੋਕਾਂ ਨੂੰ ਭਰਮਾਉਣ ਖਾਤਰ ਲੰਮੇ ਲੰਮੇ ਵਖਿਆਨ
ਨਹੀ ਦਿੰਦੇ। ਉਹ ਤਾਂ ਬਸ ਮੌਜ ਮਸਤੀ ਜਾਂ ਅਨੰਦ ਵਿਚ ਹੁੰਦੇ ਹਨ। ਉਹ ਰੱਬ ਦੀ ਰਜ਼ਾ 'ਚ ਬਸ ਮਾਲਕ ਦੀ
ਸਿਫਤ ਹੀ ਗਾਈ ਜਾ ਰਹੇ ਹੁੰਦੇ ਹਨ। ਉਹ ਖੁਦ ਚਮਤਕਾਰ ਨਹੀ ਕਰਦੇ ਪਰ ਉਨਾਂ ਦੀ ਜੁਬਾਨ ਤੋਂ ਸਹਿਜ
ਸੁਭਾਅ ਨਿਕਲਿਆ ਇਕ ਇਕ ਲਫਜ਼ ਅਟੱਲ ਸਚਾਈ ਹੁੰਦਾ ਹੈ। ਕਿਉਕਿ ਉਹ ਸ੍ਰਿਸਟੀ ਦੇ ਰਚਨਹਾਰ ਨਾਲ ਇਕ ਮਿਕ
ਹੁੰਦੇ ਹਨ ਇਸ ਕਰਕੇ ਉਹ ਸ੍ਰਿਸਟੀ ਦੇ ਭੇਦਾਂ ਤੋਂ ਵਾਕਫ ਹੁੰਦੇ ਹਨ। ਉਨਾਂ ਨੂੰ ਦੁਨਿਆਵੀ
ਪੜਾਈਆਂ ਨਹੀ ਕਰਨੀਆਂ ਪੈਂਦੀਆਂ। ਕਿਉਕਿ ਕਹਿਦੇ ਹਨ, "ਹਾਥੀ ਦੇ ਪੈਰ 'ਚ ਸਾਰਿਆਂ ਦੇ ਪੈਰ।"
ਪੈਗੰਬਰ ਧੁਰ ਦਰਗਾਹੋਂ ਹੀ ਥਾਪੇ ਹੋਏ ਆਉਦੇ ਹਨ।
ਪਰ ਫਿਰ ਵੀ ਸਾਡੇ ਸਤਿਕਾਰਤ ਵੀਰ ਜੋਗਿੰਦਰ ਸਿੰਘ ਕੋਹਲੀ ਹੁਰਾਂ ਸਾ ਨੂੰ
ਬੜੇ ਸਨੇਹ ਨਾਲ ਸਲਾਹ ਦਿਤੀ ਕਿ ਇਕ ਵਾਰੀ ਓਸ਼ੋ ਰਜਨੀਸ਼ ਨੂੰ ਜਰੂਰ ਪੜ ਲਓ। ਅਸੀ 'ਭਗਵਾਨ' ਦੀ
ਲਿਖਤ 'ੴ ਸਤਿਨਾਮ' ਪੜਨੀ ਸ਼ੁਰੂ ਕੀਤੀ। ਅਸ਼ ਅਸ਼ ਕਰ ਉਠੇ। 'ਭਗਵਾਨ' ਸਚ ਮੁਚ ਤਰਕ ਜਾਂ ਦਲੀਲ ਦਾ
ਬਾਦਸ਼ਾਹ ਹੈ। ਐਹੋ ਜਿਹੇ ਲੋਕ ਦਲੀਲਾਂ ਰਾਹੀ ਕੁਝ ਵੀ ਗਲ ਸਾਬਤ ਕਰ ਸਕਦੇ ਹਨ। ਪਰ ਅਸੀ ਸੁਚੇਤ ਹਾਂ
ਨਾਨਕ ਦਾ ਰਾਹ 'ਸਿਫਤ ਸਲਾਹ' ਦਾ ਹੈ ਤੇ ਯੋਗ ਪੱਧਤੀ ਤੋਂ ਬਿਲਕੁਲ ਹੀ ਅਲੱਗ ਹੈ। ਨਾਨਕ ਦਾ
ਨਿਸ਼ਾਨਾਂ ਉਸ ਕਰਤੇ ਨਾਲ ਮਿਲਾਪ ਹੈ ਜਦ ਕਿ ਯੋਗ ਦਸਵੇਂ ਦੁਆਰ ਦੀ ਖੋਜ ਹੈ। ਨਾਨਕ ਕਹਿਦੈ ਕਿ ਮਾਲਕ
ਦੀ ਖੋਜ ਦੀ ਰਾਹ ਤੇ ਚਲਦਿਆਂ ਖੱਬੇ-ਸੱਜੇ ਦਸਵਾਂ ਦੁਆਰ ਆਪਣੇ ਆਪ ਹੀ ਖੁਲ ਜਾਂਦਾ ਹੈ। ਭਾਵ ਇਹ
ਸਰੀਰਕ ਭੇਦ ਖੁਲਣੇ ਸਿੱਖ ਲਈ ਬਾਈ ਪ੍ਰਾਡਕਟ ਹਨ। ਜਿਵੇ ਮੱਖਣ ਦੀ ਤਲਾਸ਼ ਵਿਚ ਲੱਸੀ ਵੀ ਮਿਲ ਜਾਂਦੀ
ਹੈ। ਭਗਵਾਨ ਜਪੁਜੀ ਤੇ ਟਿਪਣੀ ਕਰ ਰਹੇ ਅਸੀ ਪੜਨੇ ਸ਼ੁਰੂ ਕੀਤੇ। ਪਰ ਸਾਡਾ ਤਾਂ ਆਰੰਭ 'ਚ ਹੀ ਮਸਲਾ
ਖੜਾ ਹੋ ਗਿਆ। ਗੁਰੂ ਨਾਨਕ ਨੇ ਜਪੁਜੀ 'ਚ ਸਵਾਲ ਕਰ ਦਿਤਾ ਕਿ "ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ
ਧਰੇ ਪਿਆਰੁ ॥" ਕਿ ਉਸ ਦੀਨ ਦੁਨੀ ਦੇ ਸ਼ਾਹ ਨੂੰ ਰੀਝਾਉਣ ਲਈ ਕੀ ਬੋਲ ਬੋਲੀਏ ਜਿਸ ਕਰਕੇ
ਸਾਡੇ ਤੇ ਖੁਸ਼ ਹੋਵੇ? ਤੇ ਬਸ ਇਥੇ ਹੀ ਪੁਆੜਾ ਪੈ ਗਿਆ ਕਿਉਕਿ ਨਾਨਕ ਨੇ ਅੱਗੇ ਜੁਆਬ ਵੀ ਦੇ
ਦਿਤਾ,"ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥" ਕਿ ਉਸ ਮਾਲਕ ਦੇ ਗੁਣ ਗਾਨ ਕਰਨੇ ਹਨ, ਜਸ
ਗਾਉਣਾ ਹੈ, ਸਿਫਤ ਸਲਾਹ ਕਰਨੀ ਹੈ। ਸਿੱਖਾਂ ਲਈ 'ਵਾਹਿਗੁਰੂ' ਹੀ ਨਾਮ ਹੈ ਕਿਉਕਿ ਇਸ ਵਿਚ ਵੀ ਸਿਫਤ
ਸਲਾਹ ਹੈ ਫਿਰ ਪੂਰੀ ਬਾਣੀ ਉਸ ਮਾਲਕ ਦੀ ਸਿਫਤ ਵਿਚ ਹੈ ਤੇ ਬੰਦੇ ਦੀ ਊਣਤਾਈ ਤੇ ਹੈ ਇਸ ਕਰਕੇ ਬਾਣੀ
ਹੀ ਨਾਮ ਹੈ, ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥(ਪੰਨਾ:1239), ਅਨਦਿਨੁ ਬਾਣੀ ਸਬਦੇ
ਗਾਂਵੈ ਸਾਚਿ ਰਹੈ ਲਿਵ ਲਾਇ ॥(ਪੰ:1259)। ਸੋ ਇਥੇ ਭਗਵਾਨ ਦਾ ਨਾਨਕ ਨਾਲ ਬਖੇੜਾ ਖੜਾ ਹੋ ਗਿਆ।
ਭਗਵਾਨ ਨੇ 'ਝੂਠ' ਲਿਖ ਦਿਤਾ ਕਿ 'ਨਾਨਕ ਨੇ ਇਥੇ ਇਹ ਮਸਲਾ ਹੱਲ ਨਹੀ ਕੀਤਾ ਕਿ ਉਸ ਕਰਤੇ ਅੱਗੇ ਕੀ
ਭੇਟ ਰਖੀਏ? ਅਖੇ ਨਾਨਕ ਇਥੇ ਬੁਝਾਰਤ ਪਾ ਗਿਆ ਹੈ'। ਇਸ ਗਲ ਦਾ ਵਿਰੋਧ ਅਸੀ ਭਗਵਾਨ ਦੇ ਇਕ ਸ਼ਰਧਾਲੂ
ਨਾਲ ਜਿਤਾਇਆ। ਉਨਾਂ ਮੰਨਿਆ ਕਿ ਓਸ਼ੋ ਨੇ ਜਗ੍ਹਾ ਜਗ੍ਹਾ ਕਿਹਾ ਕਿ "ਪੁਰਾਤਨ ਗ੍ਰੰਥਾਂ ਦੀ ਵਿਆਖਿਆਂ
ਭਗਵਾਨ ਲੋਕਾਂ ਤਕ ਪੁਜਣ ਲਈ ਕਰਦੇ ਸਨ।" ਭਾਵ ਜਪੁਜੀ ਤਾਂ ਭਗਵਾਨ ਲਈ ਸਿਖਾਂ ਤਕ ਪੁਜਣ ਲਈ ਇਕ ਪੌੜੀ
ਤੋਂ ਸਿਵਾ ਕੁਝ ਵੀ ਨਹੀ ਸੀ। ਸਚ ਗਲ ਹੈ,
ਅਸੀ ਤੁੱਛ ਬੁਧ ਵਾਲੇ ਉਸ ਦਰਸ਼ਨ ਨੂੰ ਹੋਰ ਘੋਖਣ ਦੀ ਸਮਰੱਥ ਨਹੀ ਰਖਦੇ ਜਿਸ ਵਿਚ ਸਾਡੀ
ਕਮੀਨੀ ਬੁੱਧ ਸਮਝੇ ਕਿ ਦਾਰਸ਼ਨਿਕ ਝੂਠ ਲਿਖ ਰਿਹਾ ਹੈ। ਜੇ ਫਿਰ ਵੀ ਸਾਡੇ ਵੀਰ ਕੋਹਲੀ ਸਾਹਿਬ ਨੇ
ਹੁਕਮ ਕੀਤਾ ਤਾਂ ਅਸੀ 'ਭਗਵਾਨ ਓਸ਼ੋ' ਦੇ ਦਰਬਾਰ 'ਚ ਦੁਬਾਰ ਹਾਜਰੀ ਭਰਾਂਗੇ 'ਪਰ ਦਿਮਾਗ ਬਾਹਰ ਰੱਖ
ਕੇ ਨਹੀ।' ਹਾਂ, ਏਸੇ ਦੌਰਾਨ ਗੁਰਸਾਗਰ
ਸਿੰਘ ਨੇ ਸਾ ਨੂੰ ਓਸ਼ੋ ਦੇ ਇਕ ਨਜਦੀਕੀ ਕਾਂਤੀ ਕੁਮਾਰ ਜੈਨ ਦੀ ਲਿਖੀ, ਓਸ਼ੋ ਤੇ ਟਿਪਣੀ ਪ੍ਚਾਈ ਜੋ
ਭਗਵਾਨ ਦੇ ਜੀਵਨ ਕਾਲ ਵਿਚ ਹੀ ਲਿਖੀ ਗਈ ਸੀ। ਸਮਝਣ ਵਾਲੇ ਇਸ ਤੋਂ ਵੀ ਬਹੁਤ ਕੁਝ ਸਮਝ ਜਾਣਗੇ।
#ਰਜਨੀਸ਼ ਨੂੰ ਮੈਂ ਪਹਿਲੀ ਵਾਰ 1952 ਵਿਚ ਸਾਗਰ
ਯੂਨੀਵਰਸਿਟੀ ਆਏ ਨੂੰ ਵੇਖਿਆ । ਜਦੋਂ ਉਹ ਯੂਨੀਵਰਸਿਟੀ ਦੁਆਰਾ ਆਯੋਜਿਤ ਕਾਲਜ ਪੱਧਰ ਦੇ ਮੁਕਾਬਲਿਆਂ
ਅਧੀਨ ਇਕ ਵਾਦ-ਵਿਵਾਦ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਜੱਬਲਪੁਰ ਦੇ ਹਿਤਕਾਰਨੀ ਸਿਟੀ ਕਾਲਜ ਦਾ
ਵਿਦਿਆਰਥੀ ਹੋਣ ਨਾਤੇ ਆਇਆ ਸੀ । ਉਸ ਪ੍ਰਤੀਯੋਗਤਾ ਵਿਚ ਵੱਖ ਵੱਖ ਕਾਲਜਾਂ ਦੇ ਚੌਦਾਂ ਪੰਦਰਾਂ
ਵਿਦਿਆਰਥੀਆਂ ਨੇ ਭਾਗ ਲਿਆ ਸੀ। ਉਸ ਸਮੇਂ
ਰਜਨੀਸ਼ ਦਾ ਨਾਂ ਰਜਨੀਸ਼ ਮੋਹਨ ਜੈਨ ਸੀ। ਸਾਂਵਲਾ ਰੰਗ, ਲੰਮਾ ਕੱਦ, ਅਤੇ ਇਕਹਰੇ ਬਦਨ ਦਾ ਵੀਹ ਇੱਕੀ
ਸਾਲ ਦਾ ਨੌਜੁਆਨ, ਜਿਸਨੇ ਲੰਮਾ ਢਿੱਲਾ ਕੁੜਤਾ ਅਤੇ ਢਿੱਲੀ ਧੋਤੀ ਪਹਿਨੀ ਹੋਈ ਸੀ। ਕੁੜਤੇ ਦਾ ਰੰਗ
ਗੂਹੜਾ ਤੇ ਪੈਰੀ ਚੱਪਲਾਂ ਸਨ। ਉਦੋਂ ਵੀ ਉਹ ਨੱਕ ਵਿਚ ਬੋਲਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ
ਕਿ ਉਸਦੇ ਭਾਸ਼ਨ ਵਿਚ ਕਈ ਵਾਰ ਇਹ ਵਾਕ ਦੁਹਰਾਇਆ ਗਿਆ ਸੀ ਕਿ 'ਇਨਸਾਨ ਗੁਆਚ ਗਿਆ ਹੈ, ਉਹਦੇ ਅੰਦਰ
ਦੀ ਲਾਲਟੈਨ ਬੁਝ ਗਈ ਹੈ।' ਰਜਨੀਸ਼ ਨੇ
ਆਪਣੇ ਭਾਸ਼ਨ ਵਿਚ ਕੁਝ ਅੰਗਰੇਜੀ ਸ਼ਬਦ ਵੀ ਬੋਲੇ ਸਨ। ਉਦੋਂ ਉਹ 'ਸ਼' ਨਹੀਂ ਸੀ ਬੋਲ ਸਕਦਾ। ਸੈਕਸਪੀਅਰ
ਉਚਾਰਦਾ ਸੀ। ਇਥੋਂ ਤੱਕ ਕਿ ਉਸ ਲਈ 'ਜ' ਬੋਲਣਾ ਵੀ ਅਸੰਭਵ ਸੀ । ਪਰ ਭਾਸ਼ਨ ਦੇਣ ਸਮਂੇ ਵਜਦ ਵਿਚ
ਵਾਰ ਵਾਰ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਅਤੇ ਲਗਦਾ ਕਿਵੇਂ ਉਹ ਸੁੰਨ ਨੂੰ ਸੰਬੋਧਨ ਕਰ ਰਿਹਾ
ਹੋਵੇ। ਪਰ ਇਸ ਸਭ ਕਾਸੇ ਦੇ ਬਾਵਜੂਦ, ਰਜਨੀਸ਼ ਮੋਹਨ ਜੈਨ, ਪਹਿਲੇ ਨੰਬਰ ਤੇ ਐਲਾਨੇ ਗਏ।
ਫੈਸਲਾ ਸੁਣ ਕੇ ਲੱਗਾ ਕਿ ਆਪਸੀ ਸੰਬੰਧਿਤ ਕਾਲਜਾਂ ਦੇ ਪ੍ਰੋਫੈਸਰਾਂ ਨੇ
ਯੂ.ਟੀ.ਡੀ ਦੇ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਸੀ। ਗੁੱਸੇ ਨਾਲ ਭਰੇ ਅਸੀਂ ਦੋਵੇਂ, ਦਰਸ਼ਨ
ਸ਼ਾਸ਼ਤਰ ਦੇ ਮੁਖੀ ਪ੍ਰੋ. ਸ਼ਿਵਸ਼ੰਕਰ ਰਾਇ ਦੇ ਘਰ ਪਹੁੰਚੇ। ਨਿਰਪੱਖ ਅਤੇ ਵਿਦਵਾਨ ਹੋਣ ਕਾਰਨ, ਸਾਡੇ
ਮਨ ਵਿਚ ਉਨ੍ਹਾਂ ਦੀ ਬਹੁਤ ਆਦਰਯੋਗ ਥਾਂ ਸੀ।
ਪਰ ਜਿਉ ਹੀ ਅਸੀਂ ਪ੍ਰੋ. ਰਾਇ ਦੇ ਘਰ ਪਹੁੰਚੇ ਅਸੀਂ ਦੇਖਿਆ, ਰਜਨੀਸ਼ ਉਥੇ
ਪਹਿਲਾਂ ਹੀ ਬੈਠਾ ਹੋਇਆ ਸੀ। ਪ੍ਰੋ.ਰਾਇ ਉਸਨੂੰ ਪੁੱਛ ਰਹੇ ਸਨ ਕਿ ਉਹ ਕਿਹੜੇ- ਕਿਹੜੇ ਦਾਰਸ਼ਨਿਕ
ਪੜ੍ਹੇ ਸਨ। ਰਜਨੀਸ਼ ਨੇ ਬਿਨਾਂ ਅੱਖ ਝਮਕੇ ਉੱਤਰ ਦਿੱਤਾ ਕਿ ਪਲੈਟੋ ਤੋਂ ਬ੍ਰਟੈਂਡ ਰੱਸਲ ਤਕ ਸਾਰੇ।
ਅਸਾਂ ਦੋਹਾਂ ਅਵਿਸ਼ਵਾਸ ਨਾਲ ਪ੍ਰੋ.ਰਾਇ ਵੱਲ ਵੇਖਿਆ। ਪ੍ਰੋ.ਰਾਇ ਨੇ ਰਜਨੀਸ਼ ਨੂੰ ਪਲੈਟੋ, ਅਰਸਤੂ,
ਕਨਫਿਉਸਿਸ, ਸਰੀਨ, ਸ਼ੰਕਰ, ਅਰਵਿੰਦੋ ਅਤੇ ਰੱਸਲ ਬਾਰੇ ਬੜੇ ਬਰੀਕ ਸੁਆਲ ਪੁੱਛੇ, ਜਿਸਦੇ ਉੱਤਰ
ਰਜਨੀਸ਼ ਨੇ ਬੜੇ ਸਟੀਕ ਸ਼ਬਦਾਂ ਵਿਚ ਦਿੱਤੇ । ਰਜਨੀਸ਼ ਨੇ ਸਚਮੁੱਚ ਇਹ ਸਾਰੇ ਫਿਲਾਸਫਰ ਇਕ ਤਰ੍ਹਾਂ
ਰਟੇ ਹੋਏ ਸਨ । ਮੈਂ ਤੇ ਕ੍ਰਿਸ਼ਨ ਬਹੁਤ
ਪੜ੍ਹਾਕੂ ਮੰਨੇ ਜਾਂਦੇ ਸੀ। ਪਰ ਰਜਨੀਸ਼ ਦਾ ਅਧਿਐਨ ਅਤੇ ਗਿਆਨ ਦੇਖ ਕੇ, ਉਸਦੇ ਪ੍ਰਥਮ ਆਉਣ ਦਾ ਸਾਡਾ
ਸਾਰਾ ਗੁਸਾ ਜਾਂਦਾ ਰਿਹਾ। ਰਜਨੀਸ਼ ਜੱਬਲਪੁਰ ਚਲਾ ਗਿਆ। ਫਿਰ ਸਾਲ ਵਿਚ ਇਕ ਦੋ ਵਾਰ ਉਹ ਅਜਿਹੇ
ਮੁਕਾਬਲਿਆਂ ਵਿਚ ਭਾਗ ਲੈਣ ਲਈ ਆਉਂਦਾ ਅਤੇ ਪਹਿਲਾਂ ਇਨਮ ਲੈ ਕੇ ਚਲਾ ਜਾਂਦਾ । ਪਰ ਉਹਦੇ ਨੱਕ ਵਿਚ
ਬੋਲਣ ਵਾਲੀ ਆਦਤ ਵਿਚ ਕੋਈ ਸੁਧਾਰ ਨਹੀਂ ਸੀ ਹੋਇਆ ਅਤੇ ਨਾ ਹੀ (ਸ਼) ਜਾਂ (ਜ) ਦੀ ਅੱਖਰ ਧੁਨੀ ਸਹੀਂ
ਹੋਈ ਸੀ। ਪਰ ਇਸ ਸਮੇਂ ਦੌਰਾਨ ਉਹਨੇ ਆਪਣੇ ਭਾਸ਼ਨਾਂ ਵਿਚ ਛੋਟੈ ਛੋਟੇ ਪ੍ਰਸੰਗ, ਦਾਰਸ਼ਨਿਕ ਟੋਟੇ,
ਨਿੱਕੇ ਨਿੱਕੇ ਵਾਕ, ਮੁਹਾਵਰੇ, ਧਿਆਨ ਖਿੱਚਣ ਵਾਲਾ ਲਹਿਜਾ ਅਤੇ ਬਹੁਤ ਸਾਰੇ ਦਾਰਸ਼ਨਿਕ ਸਿਧਾਂਤਾਂ
ਦੇ ਮਿਸ਼ਰਣ ਵਿਚੋਂ ਇਕ ਕ੍ਰਾਂਤੀਕਾਰੀ ਦਿਸਣ ਵਾਲੇ ਜੀਵਨ ਦਰਸ਼ਨ ਦਾ ਲਹਿਜਾ ਜਰੂਰ ਤਿਆਰ ਕਰ ਲਿਆ ਸੀ ।
ਉਹਦਾ ਆਤਮ ਵਿਸ਼ਵਾਸ ਵੱਧ ਰਿਹਾ ਸੀ ਅਤੇ ਉਹਦੀ ਵਸ਼ਿਸ਼ਠਤਾ ਪ੍ਰਵਾਨ ਹੋ ਰਹੀ ਸੀ । ਉਹ ਅਸਧਾਰਨ ਦਿਸਣ
ਲੱਗਾ ਸੀ । ਉੁਸਦੀ ਅਸਾਧਰਣ ਦਿਸਣ ਦਰਸਾਉਣ
ਦੀ ਕੋਸ਼ਿਸ਼ ਕੋਈ ਸਹਿਜ ਸੁਭਾਵਿਕ ਨਹੀਂ ਸੀ, ਸਗੋਂ ਨਿਸ਼ਚਿਤ ਅਤੇ ਬੜੀ ਗਿਣੀ ਮਿਥੀ ਯੋਜਨਾ ਸੀ । ਜਿਸ
ਵਿਚ ਉਹਦੀ ਗੰਜੇ ਨੂੰ ਕੰਘੀ ਵੇਚਣ ਵਾਲੀ ਯੋਗਤਾ ਅਤੇ ਤੀਖਣ ਬੁਧੀ ਦਾ ਕਮਾਲ ਵੀ ਸ਼ਾਮਿਲ ਸੀ।
ਬੁੰਦੇਲਖੰਡ ਦੇ ਇਕ ਸੁੱਤੇ ਹੋਏ ਕਸਬੇ 'ਗਾਡਰਵਾੜਾ' ਦਾ ਇਹ ਨੌਜੁਆਨ ਬੜੇ ਉੱਚੇ ਸੁਪਨੇ ਲੈ ਕੇ
ਜੱਬਲਪੁਰ ਆਇਆ ਸੀ । ਉਹ ਬੜੀ ਉੱਚੀ ਪੌੜੀ ਚੜ੍ਹਨ ਦਾ ਚਾਹਵਾਨ ਸੀ ; ਅਚਾਰੀਆਂ ਤੋਂ ਭਗਵਾਨ ਬਣਨ ਦੀ
ਪ੍ਰਾਪਤੀ ਤੱਕ ਜਾਂਦੀ ਪੌੜੀ । ਉਹ ਜਾਣਦਾ ਸੀ ਕਿ ਉਹ ਪੈਦਾਇਸ਼ੀ ਭਗਵਾਨ ਨਹੀਂ, ਸਗੋਂ ਰਾਇਸੈਨ ਜਿਲੇ
ਦੇ ਇਕ ਨਿੱਕੇ ਜਿਹੇ ਪਿੰਡ, 'ਕੁਚਵਾੜਾ' ਵਿਚ ਰਹਿੰਦੇ ਕੱਪੜੇ ਦੇ ਛੋਟੇ ਜਿਹੇ ਵਪਾਰੀ, ਬਾਬੂ ਲਾਲ
ਜੈਨ ਦੇ ਘਰ ਪੈਦਾ ਹੋਇਆ ਸੀ, ਜੋ ਆਮ ਜੈਨੀਆਂ ਵਾਂਗ ਸੂਰਜ ਡੁੱਬਣ ਤੋਂ ਪਹਿਲਾਂ ਭੋਜਨ ਕਰਨ ਅਤੇ
ਗ੍ਰੰਥ ਪੂਜਾ ਕਰਨ ਵਿਚ ਯਕੀਨ ਰੱਖਦਾ ਸੀ । ਤਦ ਬੰਦੇਲਖੰਡ ਦੇ ਬਹੁਤੇ ਜੈਨੀ ਪਰਿਵਾਰ, ਹਿੰਸਾ ਤੋਂ
ਲਾਂਭੇ ਰਹਿਣ ਲਈ, ਨਿੱਕੇ ਮੋਟੇ ਧੰਦੇ ਕਰਕੇ ਹੀ ਗੁਜਾਰਾ ਕਰਿਆ ਕਰਦੇ ਸਨ ।
ਉਹ ਬਾਦ ਵਿਚ ਪੈਦਾ ਹੋਏ ਆਪਣੇ ਦੱਸ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡਾ
ਸੀ । ਅਜਿਹੀ ਔਰਤ ਜਿਸਨੂੰ ਲਗਭਗ ਹਰ ਸਾਲ ਬਹੁਤਾ ਸਮਾਂ ਪ੍ਰਸੂਤ ਵਿਚ ਹੀ ਲਾਉਣਾ ਪਵੇ ਵਿਅੰਗ ਵਿਚ
ਉਸਨੂੰ ਬੁੰਦੇਲਖੰਡ ਦੇ ਵਾਸੀ ਬਰਸਾਨ ਭਾਵ 'ਹਰ ਵਰਿਹਾਈ' ਕਹਿੰਦੇ ਹਨ। ਰਜਨੀਸ਼ ਦੀਆਂ ਛੋਟੀਆਂ ਭੈਣਾਂ
ਦੇ ਦੱਸਣ ਅਨੁਸਾਰ ਉਹਨਾਂ ਕੋਲ ਰਜਨੀਸ਼ ਦੇ ਬਚਪਨ ਦੀ ਬੱਸ ਧੁੰਦਲੀ ਜਿਹੀ ਹੀ ਯਾਦ ਹੈ ।
ਰਜਨੀਸ਼ ਸੱਤ ਸਾਲ (1938 ਤੱਕ) ਨਾਨਕੇ ਘਰ ਰਿਹਾ। ਨਾਨੀ ਦੇ ਲਾਡ ਪਿਆਰ ਨੇ
ਉਹਨੂੰ ਰੱਜ ਕੇ ਵਿਗਾੜਿਆ । ਹਾਣੀ ਮੁੰਡਿਆਂ ਨਾਲ ਖੇਡਦਾ ਉਹ ਰੱਜ ਕੇ ਉਲਾਂਭੇ ਲਿਆਉਂਦਾ । ਉਹਦੇ
ਬਚਪਨ ਦੀਆਂ ਦੋ ਖੇਡਾਂ ਵਰਨਣਯੋਗ ਹਨ; ਪਹਿਲੀ ਪੱਕੇ ਮਾਂਜੇ ਨਾਲ ਡੋਰ ਸੂਤ ਕੇ ਪਤੰਗ ਲੁੱਟਣਾ ਅਤੇ
ਦੂਜੀ, ਨਦੀ ਵਿਚ ਨਹਾਉਣਾ । ਉਹ ਅਸਮਾਨ ਤੇ ਕਿਸੇ ਦੂਜੇ ਦੀ ਪਤੰਗ ਬਰਦਾਸ਼ਤ ਨਹੀਂ ਸੀ ਕਰਦਾ ਅਤੇ
ਉਸਨੂੰ ਕੱਟ ਕੇ ਹੀ ਸਾਹ ਲੈਂਦਾ । ਇਹਦੇ ਲਈ ਉਹ ਸ਼ੀਸ਼ਾ ਪੀਹ ਕੇ ਡੋਰ ਸੂਤਦਾ ਰਹਿੰਦਾ। ਨਾ ਕੱਟੀ ਜਾਣ
ਵਾਲੀ ਪਤੰਗ ਲਈ ਉਹਨੇ ਇਕ ਲੰਮਾ ਢਾਂਗਾ ਬਣਾ ਰੱਖਿਆ ਸੀ ।
ਪਰ ਕੁਚਵਾੜਾ ਰਜਨੀਸ਼ ਨੂੰ ਛੋਟਾ ਛੋਟਾ ਲੱਗਣ ਲੱਗਾ ਸੀ । 1938 ਵਿਚ ਉਹਦਾ
ਨਾਨਾ ਬਹੁਤ ਬਿਮਾਰ ਹੋ ਗਿਆ। ਕੁਚਵਾੜਾ ਵੱਡੀ ਬਿਮਾਰੀ (ਟਾਈਫਾਈਡ) ਦੇ ਇਲਾਜ ਲਈ ਯੋਗ ਸੁਵਿਧਾ ਨਹੀਂ
ਸੀ । ਇਸ ਲਈ ਰਜਨੀਸ਼ ਦੀ ਨਾਨੀ, ਸਮੇਤ ਬਿਮਾਰ ਪਤੀ ਨੂੰ ਬੈਲ- ਗੱਡੀ ਵਿਚ ਲਈ ਗਾਡਰਵਾੜਾ ਆਉਣ ਲਈ
ਰਵਾਨਾ ਹੋਈ । ਸੱਤਪੁੜਾ ਦੇ ਪਹਾੜੀ ਜੰਗਲਾਂ ਵਿਚੋਂ ਲੰਘਦਾ ਲੰਮਾ, ਟਿਬੇ ਟੋਇਆਂ ਅਤੇ ਲੰਮਾਂ ਰਸਤਾ
ਏਨਾ ਖਤਰੇ ਭਰਿਆ ਸੀ ਕਿ ਰਜਨੀਸ਼ ਦੇ ਨਾਨੇ ਦੀ ਰਾਹ ਵਿਚ ਹੀ ਮੌਤ ਹੋ ਗਈ।
ਪਰ ਬੈਲ- ਗੱਡੀ ਅੱਧੀ ਤੋਂ ਵਧੇਰੇ ਯਾਤਰਾ ਤਹਿ ਕਰ ਚੁੱਕੀ ਸੀ, ਇਸ ਲਈ
ਪਿਛੇ ਮੁੜਨਾ ਸੰਭਵ ਨਹੀਂ ਸੀ। ਸੋ ਨਾਨੀ ਨੇ ਫੈਸਲਾ ਕੀਤਾ ਕਿ ਉਹ ਗਾਡਰਵਾੜਾ ਜਾਏਗੀ । ਜਿਥੇ ਰਜਨੀਸ਼
ਦੇ ਮਾਪੇ, ਉਹਦਾ ਧੀ- ਜੁਆਈ ਰਹਿੰਦੇ ਸਨ।
ਤੱਦ ਤੱਕ ਰਜਨੀਸ਼ ਕੁਝ ਡੂੰਘੇ ਅਰਥ ਵੀ ਸਮਝਣ ਲੱਗ ਪਿਆ ਸੀ। ਉਸ ਨੂੰ ਗਾਡਰ ਦਾ ਅਰਥ ਵੀ ਆ ਗਿਆ।
ਵਾੜੇ ਬਾਰੇ ਤਾਂ ਉਹ ਜਾਣਦਾ ਹੀ ਸੀ । ਗਾਡਰਵਾੜਾ ਵਿਚ ਕਦੇ ਭੇਡਾਂ ਪਾਲਣ ਦਾ ਕੰਮ ਹੁੰਦਾ ਸੀ ।
ਰਜਨੀਸ਼ ਦੇ ਮਾਸੜ ਨੇ ਉਹਨੂੰ ਦਸਿਆ ਕਿ ਕਿਵੇ ਭੇਡਾਂ ਰੀਸੋ- ਰੀਸ ਇਕ ਝੁੰਡ ਸਮੂਹ ਵਿਚ ਚਲਦੀਆਂ ਹਨ।
ਇਉਂ ਹੀ ਰਜਨੀਸ਼ ਲਈ ਇਸ ਸ਼ਬਦ ਨੇ ਇਹ ਵੀ ਪ੍ਰਸ਼ਨ ਪੈਦਾ ਕੀਤਾ ਕਿ ਬੰਦਿਆਂ ਨੂੰ ਵੀ ਗਡੂਲਿਕਾ ਕਿਓ
ਨਹੀਂ ਬਣਾਇਆ ਜਾ ਸਕਦਾ? ਆਖਿਰ ਧਰਮ ਹੈ ਕੀ ? ਬੰਦਿਆਂ ਨੂੰ ਭੇਡਾਂ ਵਾਂਙ ਹਿੱਕਣ ਦਾ ਬੰਧਨ ਹੀ ਤਾਂ
ਹੈ? ਗਾਡਰਵਾੜਾ ਆਉਣ ਤੇ ਰਜਨੀਸ਼ ਨੂੰ
ਸਕੂਲੇ ਪੜ੍ਹਨੇ ਪਾ ਦਿੱਤਾ ਗਿਆ। ਬਾਬੂ ਲਾਲ ਜੈਨ ਦਾ ਦੋ ਮੰਜਿਲਾਂ ਘਰ ਝੰਡਾ ਚੌਕ ਵਿੱਚ ਸੀ। ਉਹ
ਬਜਾਜੀ ਦੀ ਦੁਕਾਨ ਕਰਦਾ ਸੀ ਅਤੇ ਖਾਂਦੇ - ਪੀਂਦੇ ਪਰਿਵਾਰਾਂ ਵਿਚੋਂ ਸੀ। ਰਜਨੀਸ਼ ਦਾ ਸਕੂਲ ਬਿਲਕੁਲ
ਅਜਿਹਾ ਸੀ ਜਿਵੇਂ ਕਿ ਬੁੰਦੇਲਖੰਡ ਦੇ ਸਾਧਾਰਣ ਤੋਂ ਥੱਲੇ ਦਰਜੇ ਦੇ ਸਕੂਲ ਸਨ। ਰਜਨੀਸ਼ ਖੇਡਾਂ ਵਿਚ
ਵੱਧ ਚੜ੍ਹ ਕੇ ਹਿੱਸਾ ਲੈਂਦਾ ਅਤੇ ਸਕੂਲ ਤੋਂ ਵਾਧੂ ਸਮੇਂ ਵਿਚ ਉਹ ਪਿਤਾ ਨਾਲ ਕੱਪੜੇ ਦੀ ਦੁਕਾਨ
'ਤੇ ਬੈਠਦਾ। ਬਾਬੂ ਲਾਲ ਨੂੰ ਕਾਫੀ ਸਹਾਰਾ ਹੋ ਗਿਆ।
ਰਜਨੀਸ਼ ਕੱਪੜਿਆਂ ਦੀ ਡੱਗੀ ਲੈ ਕੇ ਅਕਸਰ ਨੇੜਲੇ ਪਿੰਡਾਂ ਵਿਚ ਵੇਚਣ
ਜਾਂਦਾ। ਪਿਤਾ ਨੇ ਖਿੱਚ ਕੇ ਕੱਪੜਾ ਨਾਪਣ ਦਾ ਗੁਰ ਸਿਖਾਉਂਦੇ ਹੋਏ, ਉਹਨੂੰ ਪੂਰਾ ਤਿਆਰ ਕਰ ਦਿੱਤਾ
ਸੀ। ਗੱਲਾਂ ਦਾ ਉਹ ਪਹਿਲਾਂ ਹੀ ਜਾਦੂਗਰ ਸੀ। ਇਸ ਲਈ ਗਾਹਕਾਂ ਨੂੰ ਭਰਮਾਉਣ ਵਾਲੀ ਭਾਸ਼ਾ ਦੀ ਉਹ
ਖੁੱਲ੍ਹ ਕੇ ਵਰਤੋਂ ਕਰਦਾ ਸੀ। ਜਿਸ ਵਿਚ ਚਾਚੀ, ਮਾਸੀ, ਚਾਚਾ, ਮਾਮਾ, ਭੈਣ, ਭਾਊ ਜਹੇ ਸ਼ਬਦਾਂ ਦਾ
ਜਾਦੂ, ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਉਹ ਉਧਾਰ ਦੇਣ ਲੱਗੇ ਭੋਰਾ ਨਹੀਂ ਸੀ ਸੰਗਦਾ, ਬੱਸ
ਲੈਣ ਵਾਲੇ ਦਾ ਨਾਂ ਪਤਾ ਨੋਟ ਕਰ ਲੈਂਦਾ। ਤੱਦ ਤੱਕ ਉਹਨੇਂ ਵਾਲ ਵਧਾ ਲਏ ਸਨ। ਉਹਦੇ ਸਿਰ ਦੁਆਲੇ
ਵਾਲਾਂ ਦੀਆਂ ਜੁਲਫਾਂ ਲਟਕਦੀਆਂ ਰਹਿੰਦੀਆਂ। ਉਹਦਾ ਹਲਕਾ ਸਾਂਵਲਾ ਰੰਗ, ਕੱਜਲ ਭਰੀਆਂ ਅੱਖੀਆਂ, ਗੱਲ
ਵਿਚ ਸੋਨੇ ਦੀ ਚੇਨ ਅਤੇ ਨੱਕ ਵਿਚ ਬੋਲਣ ਦੀ ਆਦਤ, ਸਭ ਕੁਝ ਮਿਲ ਮਿਲਾ ਕੇ ਉਹਦੇ ਕੁੜੀ ਹੋਣ ਦਾ
ਭੁਲੇਖਾ ਪਾਉਂਦੇ। ਉਹਦੀ ਨੱਕ 'ਚ ਬੋਲਣ ਵਾਲੀ ਅਵਾਜ ਤਾਂ ਬਿਲਕੁਲ ਤੀਵੀਆਂ ਵਰਗੀ ਲੱਗਦੀ, ਉਂਞ ਉਹ
ਆਪਣੀ ਇਸ ਵਿਸ਼ੇਸ਼ਤਾ ਦਾ ਆਨੰਦ ਵੀ ਲੈਂਦਾ।
ਗਾਡਰਵਾੜਾ ਦਾ ਪੂਰਾ ਗਲੀ ਗੁਆਂਢ ਕੱਪੜੇ ਖਰੀਦਣ ਆਉਂਦਾ, ਅਤੇ ਬਿਨਾਂ
ਝਿਜਕ ਬੰਦੇ ਜਨਾਨੀਆਂ ਅਵਾਜ ਦਿੰਦੇ, ''ਰਜਨੀ ਇਕ ਨਿੱਕੀ ਕਿਨਾਰੀ ਵਾਲੀ ਧੋਤੀ ਤਾਂ ਦਈ।'' ਆਸ ਪਾਸ
ਦੇ ਪਿੰਡਾਂ ਦੀਆਂ ਤੀਵੀਆਂ ਵੀ ਆਉਂਦੀਆਂ ਅਤੇ ਬੜੀ ਸੁਭਾਵਕਤਾ ਨਾਲ ਪੁੱਛਦੀਆਂ, ''ਭੈਣੇ ! ਕੋਈ ਹਰੀ
ਕਿਨਾਰੀ ਵਾਲੀ ਧੋਤੀ ਹੈਗੀ ਐ ? ਤੇ ਰਜਨੀ ਬੜੇ ਉਤਸ਼ਾਹ ਨਾਲ ਤੀਵੀਆਂ ਨੂੰ ਸਾੜੀਆਂ ਬਲਾਉਜ਼ ਦੇ ਕੱਪੜੇ
ਦਾ ਨਾਪ ਆਦਿ ਵੀ ਦੱਸ ਦਿੰਦਾ। ਪਰ ਇਕ ਦਿਨ ਇਸ ਕਾਰਜ ਵਿਚ ਮੁਸੀਬਤ ਹੋ ਗਈ।
ਨਰਮਦਾ ਨਦੀ ਦੇ ਪਾਰਲੇ ਪਿੰਡ ਦਾ ਇਕ ਕਿਸਾਨ ਕੱਪੜਾ ਲੈਣ ਆਇਆ। ਉਹ ਕਾਹਲੀ
ਵਿਚ ਸੀ। ਕਹਿਣ ਲੱਗਾ। ''ਕੁੜੀਏ ਇਕ ਪਰਨਾ ਦਈਂ।'' ਰਜਨੀਂ ਉਹਦੇ ਗੱਲ ਪੈ ਗਿਆ। ''ਮੈਂ ਤਨੂੰ ਕੁੜੀ
ਦਿਸਦਾਂ ?'' ''ਕੁੜੀ ਨਹੀਂ ਤਾਂ ਕੁੜੀਆਂ
ਵਾਂਗ ਵਾਲ ਕਿਉਂ ਵਧਾ ਰੱਖੇ ਨੇ ?'' ਸ਼ਰਮਸਾਰ ਹੋਇਆ ਕਿਸਾਨ ਤਾਂ ਚਲਾ ਗਿਆ। ਪਰ ਰਜਨੀਸ਼ ਦਾ ਮਨ ਉੱਖੜ
ਗਿਆ। ਘਰ ਨੂੰ ਆਉਂਦੇ ਉਹ ਪਹਿਲਾਂ ਨਾਈ ਦੀ ਦੁਕਾਨ ਤੇ ਗਿਆ।
''ਕੈਂਚੀ ਨਾਲ ਨਹੀਂ, ਉਸਤਰੇ ਨਾਲ ।'' ਨਾਈ ਝਿਜਕਿਆ। ਪਰ ਰਜਨੀਂਸ ਸਿਰ
ਮੁਨਵਾ ਕੇ ਹੀ ਉਠਿਆ। ਨਾਈ ਨੇ ਅੰਬ ਦੀ ਗਿਟਕ ਨਾਲ ਉਹਦੇ ਸਿਰ 'ਚ ਜੰਮੀ ਮੈਲ ਖੁਰਚੀ। ਚਿਪਕੇ ਹੋਏ
ਵਾਲ ਸਾਫ ਕੀਤੇ। ਅਤੇ ਮੁੰਨੇ ਹੋਏ ਵਾਲਾਂ ਦੀ ਪੁੜੀ ਫੜਾ ਕੇ ਤੋਰ ਦਿੱਤਾ। ਪਿਤਾ ਹੈਰਾਨ, ਸਿਰ ਕਿਉਂ
ਮੁਨਾਇਆ? "ਸਭ ਕੁੜੀ ਕੁੜੀ ਕਹਿੰਦੇ ਸੀ, ਇਸ ਲਈ।"
ਰਜਨੀਸ਼ ਨੂੰ ਨਹਾਉਣ ਦੀ ਸਨਕ ਸੀ। ਘਰ ਦੀ ਖੂਹੀ ਤੇ ਬੈਠਾ ਉਹ ਪਾਣੀ ਦੇ
ਪੰਜਾਹ ਪੰਜਾਹ ਡੋਲ ਸਿਰ ਤੇ ਸੁੱਟ ਲੈਂਦਾ। ਪਤਾ ਨਹੀਂ ਉਹਦੇ ਅੰਦਰ ਕਿਹੜੀ ਅੱਗ ਸੀ ਜਿਸਨੂੰ ਉਹ
ਸ਼ਾਂਤ ਕਰਨਾ ਚਾਹੁੰਦਾ ਸੀ। ਜਾਂ ਬਾਹਰ ਦੀ ਕਿਹੜੀ ਮੈਲ ਸੀ ਜਿਸਨੂੰ ਉਹ ਧੋਣਾ ਚਾਹੁੰਦਾ ਸੀ। ਛੁੱਟੀ
ਵਾਲੇ ਦਿਨ ਉਹ ਕਸਬੇ ਦੇ ਨੇੜਲੀ ਨਦੀ ਵਿਚ ਨਹਾਉਣ ਚਲਾ ਜਾਂਦਾ ਅਤੇ ਕਿੰਨਾਂ ਕਿੰਨਾਂ ਚਿਰ ਉਹ ਪਾਣੀ
ਵਿੱਚ ਡੁਬਕੀ ਲਗਾਈ ਰੱਖਦਾ। ਕਈ ਵੇਰ ਤਾਂ ਨਹਾਉਂਦੇ ਹੋਏ ਉਹ ਬੇ-ਪਰਦ ਹੋ ਜਾਂਦਾ; ਉਂਝ ਉਹ ਮੰਦਰ ਵੀ
ਜਾਂਦਾ। ਪਰ ਉਹ ਨੂੰ ਆਪਣੀ ਜਗਿਆਸਾ ਦਾ ਕੋਈ ਹੱਲ ਨਜ਼ਰ ਨਾ ਆਉਂਦਾ। ਸਕੂਲ ਦੇ ਮਾਸਟਰ ਵੀ ਉਹਦੇ
ਸੁਆਲਾਂ ਦਾ ਜੁਆਬ ਨਾ ਦੇ ਸਕਦੇ। ਇਉਂ ਗਾਡਰਵਾੜਾ ਵੀ ਉਹ ਨੂੰ ਛੋਟਾ ਛੋਟਾ ਲੱਗਣ ਲੱਗਾ ਸੀ। ਪਰ
ਅਚਾਨਕ ਵਾਪਰੇ ਲਛਮੀ ਕਾਂਡ ਨੇ ਉਹ ਨੂੰ ਇਕ ਤਰ੍ਹਾਂ ਗਾਡਰਵਾੜਾ ਵਿਚੋਂ ਬਿਲਕੁਲ ਹੀ ਬਾਹਰ ਧੱਕ
ਦਿੱਤਾ। ਲਛਮੀ, ਮੁਹੱਲੇ ਦੀ ਹੀ ਜੈਨ ਕੁੜੀ
ਸੀ, ਜੋ ਰਜਨੀਸ਼ ਨਾਲ ਹੱਸਦੀ - ਖੇਡਦੀ ਉਹ ਦੇ ਬਹੁਤ ਨੇੜੇ ਹੋ ਚੁੱਕੀ ਸੀ। ਲਛਮੀ ਟਾਈਫਾਈਡ ਦੀ ਲਪੇਟ
ਵਿਚ ਆ ਗਈ। ਉਸ ਸਮੇਂ ਟਾਈਫਾਈਡ ਅਸਾਧ ਰੋਗ ਮੰਨਿਆ ਜਾਂਦਾ ਸੀ। ਲਛਮੀ ਗੁਜਰ ਗਈ। ਪਰ ਰਜਨੀਸ਼ ਨੂੰ
ਲੱਗਾ ਜਿਵੇਂ ਉਹ ਦੇ ਲਈ ਸਾਰੇ ਜੀਵਨ ਸੰਸਾਰ ਵਿਚ ਕੁਝ ਨਹੀ ਸੀ ਰਿਹਾ। ਗਾਡਰਵਾੜਾ ਉਹਦੇ ਲਈ ਬੀਆਬਾਨ
ਹੋ ਗਿਆ। ਉਸ ਨੇ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਜਰੂਰ ਪਰ ਨਾ ਦਿਤਿਆਂ ਵਰਗਾ। ਉਹਦਾ ਮਨ ਉਚਾਟ ਹੋ
ਗਿਆ। ਉਹ ਆਪਣੇ ਫੁੱਫੜ ਕੋਲ ਜੱਬਲਪੁਰ ਆ
ਗਿਆ। ਪਰ ਗਾਡਰਵਾੜਾ ਉਹ ਨੂੰ ਭੁੱਲਦਾ ਨਹੀਂ ਸੀ। ਲਛਮੀ ਦੇ ਮਾਤਾ ਪਿਤਾ ਵੀ ਕੋਈ ਘੱਟ ਬਿਹਬਲ ਨਹੀਂ
ਸਨ। ਉਸਨੇ ਲਛਮੀ ਦੇ ਮਾਂ ਪਿਉ ਨੂੰ ਇਹ ਯਕੀਨ ਦਿਵਾਇਆ ਕਿ ਉਹ ਕਿਸੇ ਵੀ ਤਰ੍ਹਾਂ ਉਹਨਾਂ ਦੀ ਲਛਮੀ
ਨਾਲ ਮੁਲਾਕਾਤ ਕਰਵਾਏਗਾ। ਇਹਦੇ ਲਈ ਉਹਨੇ ਪੁਰਾਣ, ਉਪਨਿਸ਼ਦ, ਗੀਤਾ, ਪੁਨਰਜਨਮ, ਪੂਦ੍ਰਗਲ ਦੀਆਂ
ਗੱਲਾਂ ਕੀਤੀਆਂ। ਕਿਉਂਕਿ ਗੱਲਾਂ ਦਾ ਉਹ ਧਨੀ ਸੀ ਅਤੇ ਮ੍ਰਿਤਕ ਧੀ ਦੇ ਮਿਲਾਉਣ ਦੀ ਆਸ ਕਿਸੇ ਵੀ
ਵੈਰਾਗੇ ਮਾਂ ਪਿਉ ਨੂੰ ਇਤਨੇ ਮਰੀਅਮ ਹੋਣ ਦਾ ਵਿਸ਼ਵਾਸ ਦੁਆ ਸਕਦੀ ਹੈ। ਇਉਂ ਗਾਡਰਵਾੜਾ (ਰਜਨੀਸ਼ ਲਈ
ਇਕ ਤਰ੍ਹਾਂ ਲਛਮੀਵਾੜਾ) ਦੇ ਵਾਸੀ ਲਛਮੀ ਦੇ ਮਾਪੇ ਰਜਨੀਸ਼ ਦੇ ਪਹਿਲੇ ਸੇਵਕ ਬਣੇ। ਇਹ ਉਹ ਸਮਾਂ ਸੀ
ਜਦੋਂ ਰਜਨੀਸ਼ ਅਚਾਰੀਆ, ਭਗਵਾਨ ਜਾਂ ਓਸ਼ੋ ਕੁਝ ਵੀ ਨਹੀਂ ਸੀ। ਅਤੇ ਇਉਂ ਲਛਮੀ ਰਜਨੀਸ਼ ਦੇ ਸਾਧਨਾਂ ਦੀ
ਧੁਰੀ ਬਣ ਗਈ। ਇਹ ਨਿਰਾ ਸੰਜੋਗ ਹੀ ਨਹੀਂ ਸੀ ਕਿ ਬਾਅਦ ਵਿਚ ਰਜਨੀਸ਼ ਦੀਆਂ ਜੋ ਦੇਸੀ ਵਿਦੇਸ਼ੀ
ਚੇਲੀਆਂ ਬਣੀਆਂ, ਰਜਨੀਸ਼ ਨੇ ਉਨ੍ਹਾਂ ਸਭ ਦਾ ਨਾਮਕਰਨ ਕਰਦੇ ਹੋਏ ਹਰ ਇਕ ਦੇ ਪਿਛੇ 'ਲਛਮੀ' ਵਿਸ਼ੇਸ਼ਣ
ਲਾ ਕੇ ਆਪਣੀ ਅਸਲੀ ਲਛਮੀ ਨੂੰ ਹੀ ਸੁਰਜੀਤ ਕੀਤਾ। ਜਿਵੇਂ, ਯੋਗਲਛਮੀ, ਵਿਜੈਲਛਮੀ, ਵਿਰਾਗਲਛਮੀ,
ਸਜੀਵਲਛਮੀ ਆਦਿ . . . . . . । ਹੋ ਸਕਦੈ
ਰਜਨੀਸ਼ ਨੂੰ ਜੇਕਰ ਪਹਿਲੀ ਲਛਮੀ ਮਿਲ ਜਾਂਦੀ ਤਾਂ ਉਹ ਨੂੰ ਭਗਵਾਨ ਬਣਨ ਦੀ ਲੋੜ ਹੀ ਨਾ ਪੈਂਦੀ।
ਰਜਨੀਸ਼ ਦੇ ਟਾਕਰੇ ਕੋਈ ਵੀ ਅਚਾਰੀਆ, ਏਨੀਆਂ ਲਛਮੀਆਂ ਵਿਚ ਘਿਰਿਆ ਨਹੀਂ ਰਿਹਾ।
ਮੈਟ੍ਰਿਕ ਕਰ ਲੈਣ ਪਿਛੋਂ ਰਜਨੀਸ਼ ਇੰਟਰ ਲਈ ਹਿਤਕਾਰਣੀ ਸਿਟੀ ਕਾਲਜ ਵਿਚ
ਦਾਖਲ ਹੋਇਆ। ਜੋ ਨਰਮਦਾ ਆਂਚਲ ਦਾ ਸਿਰ ਕੱਢ ਕਾਲਜ ਸੀ। ਦੂਰੋਂ ਦੂਰੋਂ ਵਿਦਿਆਰਥੀ ਕਾਲਜ ਵਿਚ ਦਾਖਲਾ
ਲੈਣ ਆਉਦੇ। ਕਾਲਜ ਵਿਚ ਬੜੇ ਨਾਮੀ ਗ੍ਰਾਮੀ ਅਧਿਆਪਕ ਸਨ।
ਰਜਨੀਸ਼ ਨੇ ਤਰਕ ਸ਼ਾਸਤਰ ਦਾ ਵਿਸ਼ਾ ਲਿਆ ਸੀ। ਬਾਰਬਰਾ ਸਿਲਾਰੇਟ, ਡੇਰੀਆਈ
ਫੇਰੀਉ ਦੇ ਉਤਰ ਮੂੰਹ ਜਬਾਨੀ ਯਾਦ ਸਨ। ਫੈਲੇਸੀ ਉਹਨੂੰ ਬਹੁਤ ਪਸੰਦ ਸੀ।
ਕਾਲਜ ਦਾ ਸਮਾਂ ਸਵੇਰ ਦਾ ਸੀ। ਕਾਲਜ ਤੋਂ ਵਿਹਲਾ
ਹੋਣ ਸਾਰ ਉਹ ਆਪਣੇ ਫੁੱਫੜ ਦੀ ਕੱਪੜੇ ਵਾਲੀ ਦੁਕਾਨ ਤੇ ਗੱਲ ਲੈ ਕੇ ਬੈਠ ਜਾਂਦਾ। ਕਿਉਂਕਿ ਰਜਨੀਸ਼
ਨੂੰ ਨਵੀਆਂ ਨਵੀਆਂ ਕਿਤਾਬਾਂ ਖਰੀਦਣ ਲਈ ਪੈਸੇ ਚਾਹੀਦੇ ਹੁੰਦੇ। ਕਿਉਂਕਿ ਕਾਲਜ ਦੀ ਲਾਇਬ੍ਰੇਰੀ ਵਿਚ
ਜਿੰਨੀਆਂ ਵੀ ਨਵੀਆਂ ਪੁਰਾਣੀਆਂ ਪੁਸਤਕਾਂ ਸਨ ਉਹ ਚੱਟ ਚੁੱਕਾ ਸੀ । ਪਰ ਇਸ ਦੇ ਬਾਵਜੂਦ ਪੜ੍ਹਨ ਦੇ
ਮੁਆਮਲੇ ਵਿਚ ਜਿਵੇਂ ਉਸ ਨੂੰ ਭਸਮਕ ਰੋਗ ਸੀ। ਉਹ ਜਿਤਨਾਂ ਪੜ੍ਹਦਾ, ਪੜ੍ਹਨ ਦੀ ਉਨੀ ਹੀ ਭੁੱਖ ਹੋਰ
ਵਧਦੀ ਜਾਂਦੀ। ਪਰ ਸੱਠ ਰੁਪੈ ਦੀ ਰਕਮ
ਬਹੁਤ ਥੋੜ੍ਹੀ ਸੀ ਅਤੇ ਰਜਨੀਸ਼ ਦੀਆਂ ਰਾਤਾਂ ਖਾਲੀ ਸਨ। ਇਸ ਵਿਹਲ ਨੂੰ ਮੱਖ ਰੱਖਦੇ ਰਜਨੀਸ਼ ਨੇ 'ਜੈ
ਹਿੰਦ' ਅਖਬਾਰ ਦਾ ਸਥਾਨੀਯ ਪੰਨਾ ਸੰਭਾਲ ਲਿਆ। ਉਹਨੀਂ ਦਿਨੀਂ ਕਾਲਜ ਵਿਚ ਰਜਨੀਸ਼ ਦੇ ਸੀਨੀਅਰ, ਸ਼ਿਆਮ
ਸੁੰਦਰ ਸ਼ਰਮਾਂ 'ਜੈ ਹਿੰਦ' ਦਾ ਲੋਕਲ ਪੰਨਾ ਵਿਉਂਤਦੇ ਸਨ। ਉਹ ਹਰ ਦਿਨ 'ਜੈ ਹਿੰਦ' ਦੇ ਲੋਕਲ ਪੰਨੇ
ਤੇ ਕੁਝ ਮਹਾਂਪੁਰਸ਼ਾਂ ਦੇ ਬਚਨ ਛਾਪਦੇ ਸਨ। ਇਕ ਵਾਰ ਉਹ ਨੂੰ ਕਿਤੇ ਬਾਹਰ ਜਾਣਾ ਪੈ ਗਿਆ। ਉਹਨਾਂ
ਰਜਨੀਸ਼ ਨੂੰ ਮਹਾਂਪੁਰਸ਼ਾਂ ਦੇ ਅਨਮੋਲ ਬਚਨ ਇੱਕਠੇ ਕਰਨ ਦਾ ਕੰਮ ਸੌਂਪਿਆ। ਰਜਨੀਸ਼ ਨੇ ਕੁਝ ਵਿਚਾਰ
ਇੱਕਠੇ ਕੀਤੇ ਅਤੇ ਸ਼ਰਮਾਂ ਜੀ ਨੂੰ ਵਿਖਾਏ। ਪ੍ਰੇਮ, ਧਰਮ, ਯੁੱਧ, ਹਿੰਸਾ, ਸੁੰਦਰਤਾ ਜਹੇ ਵਿਸ਼ਿਆਂ
ਦੇ ਬਿਲਕੁਲ ਨਵੇਂ ਵਿਚਾਰ ਦੇਖ ਕੇ ਸ਼ਰਮਾਂ ਜੀ ਬਹੁਤ ਖੁਸ਼ ਹੋਏ। ਪਰ ਉਹਨਾਂ ਵਿਚਾਰਾਂ ਥੱਲੇ
ਵਿਚਾਰਕਾਂ ਦੇ ਨਾਂ ਨਹੀਂ ਸਨ ਲਿਖੇ ਹੋਏ। ਸ਼ਰਮਾਂ ਜੀ ਨ ਸੋਚਿਆ, ਹੋ ਸਕਦੈ ਰਜਨੀਸ਼ ਭੁੱਲ ਗਿਆ ਹੋਵੇ।
ਦੂਜੇ ਦਿਨ ਉਨ੍ਹਾਂ ਰਜਨੀਸ਼ ਨੂੰ ਨਾਂ ਲਿਖ ਦੇਣ ਬਾਰੇ ਕਿਹਾ। ਰਜਨੀਸ਼ ਨੇ ਹਰ ਵਿਚਾਰ ਥੱਲੇ 'ਸ਼੍ਰੀ
ਰਜਨੀਸ਼ ਲਿਖਿਆ ਅਤੇ ਪੁਲੰਦਾ ਵਾਪਿਸ ਕਰ ਦਿੱਤਾ। ਸ਼ਰਮਾਂ ਜੀ ਠਹਾਕਾ ਮਾਰ ਕੇ ਹੱਸੇ ਤੇ ਕਿਹਾ, ਕੋਈ
ਲੇਖ ਲੂਖ ਲਿਖਿਆ ਹੈ ਤਾਂ ਲਿਆ, ਇਸ ਕਾਲਮ ਵਿਚ ਤਾਂ ਅਸੀਂ ਵਿਸ਼ਵ ਪ੍ਰਸਿੱਧ ਦਾਰਸ਼ਨਿਕਾਂ ਦੇ ਵਿਚਾਰ
ਹੀ ਛਾਪਦੇ ਹਾਂ।' ਤੇ ਉਹਨਾਂ ਕਾਗਜਾਂ ਦੇ ਟੁਕੜੇ ਟੁਕੜੇ ਕਰ ਦਿੱਤੇ। ਤਦ ਸ਼ਰਮਾਂ ਜੀ ਨੂੰ ਕੀ ਪਤਾ
ਸੀ ਕਿ ਰਜਨੀਸ਼ ਇਨ੍ਹਾਂ ਵਿਚਾਰਾਂ ਨਾਲ ਵਿਸ਼ਵ ਵਿਚ ਧੁੰਮ ਮਚਾ ਦੇਵੇਗਾ ਅਤੇ ਉਹਦਾ ਹਰ ਲਫ.ਜ ਸੁਣਨ ਲਈ
ਲੋਕ, ਟਿਕਟ ਖਰੀਦਿਆ ਕਰਨਗੇ। ਰਜਨੀਸ਼ ਨੂੰ
ਦੂਜਿਆਂ ਦਾ ਧਿਆਨ ਖਿੱਚਣ ਦੀ ਪੂਰੀ ਮੁਹਾਰਤ ਸੀ। ਇਹ ਉਹ ਦੀ ਉਮਰ ਦਾ ਉਹ ਸਮਾਂ ਸੀ ਜਦੋਂ ਉਹ ਆਪਦੇ
ਐਬਾਂ ਨੂੰ ਕਲਾਤਮਿਕ ਉਂਚਾਈਆਂ ਦੇ ਰਿਹਾ ਸੀ ਅਤੇ ਉਨ੍ਹਾਂ ਦਾ ਅਧਿਆਤਮਿਕ ਲਾਭ ਉਠਾ ਰਿਹਾ ਸੀ। ਆਪਣੀ
ਅਸਧਾਰਨਤਾ ਨੂੰ ਸਿੱਧ ਕਰਨਾ ਵੀ ਸਿੱਖ ਗਿਆ ਸੀ। ਉਂਵੇ ਇਹ ਅਸਾਰਨਤਾ ਉਹਦੀ ਇੱਕਲੇ ਦੀ ਨਹੀਂ ਸੀ।
ਸਗੋਂ ਨਰਮਦਾ ਨਦੀ ਦੀ ਮਿੱਟੀ ਹੀ ਅਜਿਹੀ ਸੀ, ਜਿਸਦੀ ਗੋਦ ਵਿਚ ਖੇਡ ਕੇ ਬੱਚਾ ਮਾਖਨ ਲਾਲ ਚਤੁਰਵੇਦੀ
ਬਣਦਾ ਹੈ, ਮਹੇਸ਼ ਯੋਗੀ ਅਸ਼ੂਤੋਸ਼ ਰਾਣਾ ਅਤੇ ਸਵਰੂਪ ਸ਼ੰਕਰਾਚਾਰਯ ਆਦਿ ਏਸੇ ਮਿੱਟੀ ਦੀ ਉਪਜ ਸਨ।
ਅਚਾਰੀਯ ਰਜਨੀਸ਼ ਵੀ ਇਸੇ ਮਿੱਟੀ ਵਿਚ ਪਨਪ ਰਿਹਾ ਸੀ।
ਹਿਤਕਾਰਣੀ ਕਾਲਜ ਵਿਚ ਪੜ੍ਹਦਿਆਂ ਇਕ ਵੱਡੀ ਘਟਨਾ ਵਾਪਰੀ। ਇਕ ਦਿਨ ਕਲਾਸ
ਵਿਚ ਹੀ ਰਜਨੀਸ਼ ਦੀ ਆਪਣੇ ਗੁਰੂ ਸ਼ਿਵਨੰਦਨ ਲਾਲ ਸ਼੍ਰੀ ਵਾਸਤਵ ਨਾਲ ਬਹਿਸ ਹੋ ਗਈ। ਉਹ ਗੁਰੂ ਨਾਲ ਹੀ
ਉਲਝ ਗਿਆ। ਗੁਰੂ ਨੇ ਕਿਹਾ ਜੇ ਤੂੰ ਇਤਨਾ ਹੀ ਮਹਾਂਪੰਡਤ ਹੈ ਤਾਂ ਮੇਰੀ ਕਲਾਸ ਵਿਚ ਆਉਣ ਦੀ ਕੋਈ
ਲੋੜ ਨਹੀਂ। ਐਸ ਐਨ ਐਲ ਸਾਹਿਬ ਨੇ ਪ੍ਰਿੰਸੀਪਲ ਕੋਲ ਵੀ ਸ਼ਿਕਾਇਤ ਕਰ ਦਿਤੀ। ਉਹਦੇ ਕੋਲ ਰਜਨੀਸ਼ ਦੀਆਂ
ਪਹਿਲਾਂ ਵੀ ਕੁਝ ਸ਼ਿਕਾਇਤਾਂ ਸਨ। ਪਰ ਕਾਲਜ ਦੀ ਬਦਨਾਮੀ ਦੇ ਡਰ ਤੋਂ ਦੱਬੀਆਂ ਪਈਆਂ ਸਨ। ਸਭ ਤੋਂ
ਵੱਡੀ ਸ਼ਿਕਾਇਤ ਤਾਂ ਇਹ ਹੀ ਸੀ ਕਿ ਕਾਲਜ ਦੀ ਦੂਜੀ ਮੰਜਿਲ ਤੇ ਜਾਣ ਲਈ ਲੱਕੜ ਦੀਆਂ ਫੱਟੇਦਾਰ
ਪੌੜੀਆਂ ਸਨ। ਕੁੜੀਆਂ ਜਦੋਂ ਪੌੜੀਆਂ ਤੇ ਚੜ੍ਹਦੀਆਂ ਤਾਂ ਕੁਝ ਮਨਚਲੇ ਮੁੰਡੇ ਐਨ ਥੱਲੇ ਖਲੋ ਜਾਂਦੇ
ਅਤੇ ਕੁੜੀਆਂ ਨੂੰ ਉਤੇ ਚੜ੍ਹਦਿਆਂ ਦੇਖਦੇ। ਰਜਨੀਸ਼ ਵੀ ਉਨ੍ਹਾਂ 'ਚ ਹੁੰਦਾ। ਉਹਦੀਆਂ ਵੱਡੀਆਂ
ਵੱਡੀਆਂ ਅੱਖਾਂ ਘਗਰੀ ਦੀ ਹਨੇਰੀ ਗੁਫਾ ਦੀ ਝਲਕ ਨੂੰ ਵੇਖ ਕੇ ਹੋਰ ਫੈਲ ਜਾਂਦੀਆਂ। ਨਾਦਾਨ ਕੁੜੀਆਂ
ਏਨੀ ਉੱਚੀ ਗੱਲ ਨਹੀਂ ਸਨ ਸਮਝਦੀਆਂ। ਉਹਨਾਂ ਨੂੰ ਹੋਰ ਮੁੰਡੇ ਤਾਂ ਯਾਦ ਨਾ ਰਹਿੰਦੇ, ਪਰ ਰਜਨੀਸ਼
ਕਦੇ ਨਾ ਭੁੱਲਦਾ। ਵੱਡੀਆਂ ਵੱਡੀਆਂ ਅੱਖਾਂ ਵਾਲਾ, ਤੇਜਸਵੀ ਚਿਹਰਾ। ਪ੍ਰਿੰਸੀਪਲ ਬਦਰੀ ਪ੍ਰਸ਼ਾਦ
ਬਾਜਪੇਈ ਪਰੰਪਰਾਗਤ ਸੋਚ ਦੇ ਵਿਅਕਤੀ ਹਨ। ਡਾ: ਸ਼੍ਰੀਵਾਸਵਤ ਦੀ ਸ਼ਿਕਾਇਤ ਮਿਲੀ ਤਾਂ ਉਹਨਾਂ ਨੇ
ਰਜਨੀਸ਼ ਨੂੰ ਕਾਲਜ ਵਿਚੋਂ ਕੱਢਣ ਦਾ ਮਨ ਬਣਾ ਲਿਆ। ਕੁੜੀਆਂ ਦੇ ਸੰਬੰਧੀਆਂ ਵੱਲੋਂ ਵੀ ਦਬਾਅ ਪਾਇਆ
ਗਿਆ। ਇਉਂ ਰਜਨੀਸ਼ ਨੇ ਇਮਤਿਹਾਨ ਤਾਂ ਉਸੇ
ਕਾਲਜ ਵਿਚ ਦਿੱਤਾ, ਪਰ ਅਗਲੇ ਸਾਲ ਰਜਨੀਸ਼ ਨੂੰ ਹਿਤਕਰਣੀ ਕਾਲਜ ਵਿਚ ਦਾਖਲਾ ਨਾ ਮਿਲਿਆ। ਇਸ ਤੇ
ਰਜਨੀਸ਼ ਡੀ .ਐਨ .ਜੈਨ ਕਾਲਜ ਵਿਚ ਦਾਖਲ ਹੋ ਗਿਆ। ਇਥੇ ਰਜਨੀਸ਼ ਨੇ ਬੀ.ਏ.ਕੀਤੀ।
ਇਹ 1956 ਦਾ ਵਰ੍ਹਾ ਸੀ ਅਤੇ ਕਾਲਜ ਵਿਚ ਕੁੜੀਆਂ ਵੀ ਨਹੀਂ ਸਨ, ਇਸ ਲਈ
ਕੋਈ ਸ਼ਿਕਾਇਤ ਦਾ ਮੌਕਾ ਹੀ ਨਾ ਪੈਦਾ ਹੋਇਆ। ਇਸੇ ਸਾਲ ਰਜਨੀਸ਼ ਐਮ.ਏ.ਕਰਨ ਲਈ ਸਾਗਰ ਆ ਗਿਆ।
ਯੂਨੀਵਰਸਿਟੀ ਦੇ ਜਿਸ ਹੋਸਟਲ ਵਿਚ ਰਹਿੰਦਾ ਸੀ ਉਹ ਟੀਨ ਦੀਆਂ ਛੱਤਾਂ ਵਾਲੀਆਂ ਬੈਠਕਾਂ ਸਨ। ਮੈਂ
ਰਜਨੀਸ਼ ਦੇ ਕਮਰੇ ਦੇ ਬਿਲਕੁਲ ਪਿਛੇ ਰਹਿੰਦਾ ਸੀ। ਮੈਂ ਵੇਖਿਆ ਰਜਨੀਸ਼ ਨੇ ਆਪਣੇ ਕਮਰੇ ਦੇ ਫਰਸ਼
ਵਿਚੋਂ ਪੱਥਰ ਕਢਵਾ ਕੇ ਉਥੇ ਰੇਤਾਂ ਵਿਛਾ ਲਈ ਸੀ। ਉਸੇ ਰੇਤ ਤੇ ਉਹ ਆਸਣ, ਪ੍ਰਾਣਯਾਂਮ ਤੇ ਹਠ- ਯੋਗ
ਕਰਿਆ ਕਰਦਾ ਸੀ। ਕੁੰਡਲਨੀ ਜਾਗ੍ਰਿਤ ਕਰਨੀ ਤਾਂ ਉਸ ਲਈ ਆਮ ਗੱਲ ਸੀ। ਉਹਦੀ ਖਿੜਕੀ ਦੇ ਨੇੜੇ ਇਕ
ਤਖਤ ਪੋਸ਼ ਪਿਆ ਰਹਿੰਦਾ ਜਿਸਤੇ ਇਕ ਕੁਰਸੀ ਡੱਠੀ ਰਹਿੰਦੀ। ਉਸ ਕੁਰਸੀ ਤੇ ਬੈਠ ਕੇ ਉਹ ਸੰਧਿਆ
ਪ੍ਰਵਚਨ ਕਰਨ ਦਾ ਅਭਿਆਸ ਕਰਦਾ। ਕੁਝ ਲੜਕੇ ਪ੍ਰਵਚਨ ਸੁਣਨ ਲਈ ਵੀ ਆਉਂਦੇ। ਰਾਤ ਨੂੰ ਉਹ ਕੁਰਸੀ
ਤਖਤ- ਪੋਸ਼ ਤੋਂ ਉਤਾਰ ਲਈ ਜਾਂਦੀ ਤੇ ਉਹੋ ਤਖਤ- ਪੋਸ਼ ਰਜਨੀਸ਼ ਦੀ ਸੋਣ ਦਾ ਮੰਜਾ ਬਣ ਜਾਂਦਾ।
ਜਿਸ ਵਰ੍ਹੇ ਰਜਨੀਸ਼ ਸਾਗਰ ਆਇਆ ਯੂਨੀਵਰਸਿਟੀ ਦੇ ਦਰਸ਼ਨ ਸ਼ਾਸ਼ਤਰ ਦੇ ਵਿਸ਼ਵ
ਪ੍ਰਸਿੱਧ ਵਿਦਵਾਨ, ਰਾਸਬਿਹਾਰੀ ਦਾਸ, ਆਪਣੀ ਮਰਜੀ ਨਾਲ ਕਲਕੱਤੇ ਚਲੇ ਗਏ। ਉਨ੍ਹਾਂ ਦੀ ਥਾਂ ਤੇ ਇਕ
ਹੋਰ ਵਿਦਵਾਨ ਪ੍ਰੋ .ਸ਼੍ਰੀ ਕ੍ਰਿਸ਼ਨ ਸਕਸੈਨਾ ਆ ਗਏ। ਪ੍ਰੋ.ਸਕਸੈਨਾ ਆਪਣੇ ਪਹਿਰਾਵੇ, ਵਿਚਾਰ, ਰੁਚੀ,
ਪ੍ਰਵਿਰਤੀ, ਅਚਾਰ ਵਿਵਹਾਰ ਵਿਚ ਦਾਸ ਸਾਹਿਬ ਤੋਂ ਬਿਲਕੁਲ ਉਲਟ ਸਨ। ਇਉਂ ਕਹਿ ਲਵੋ ਕਿ ਇਕ ਯੋਗੀ
ਅਤੇ ਦੂਜਾ ਭੋਗੀ। ਸਕਸੈਨਾਂ ਸਾਹਿਬ ਖੂਬ ਪਾਨ ਖਾਂਦੇ, ਉਹਨਾਂ ਦੇ ਹੋਂਠ ਹਮੇਸ਼ਾਂ ਰੰਗੇ ਰਹਿੰਦੇ,
ਆਪਣੇ ਹੋਠਾਂ ਦੀਆਂ ਮੁੱਠਾਂ ਵਿਚੋਂ ਵੱਗਣ ਵਾਲਾ ਥੁੱਕ, ਉਹ ਕਲਾਸ ਵਿਚ, ਅਤੇ ਕਲਾਸ ਤੋਂ ਬਾਹਰ ਵਾਰ
ਵਾਰ ਰੁਮਾਲ ਨਾਲ ਪੂੰਝਦੇ ਰਹਿੰਦੇ।
ਪ੍ਰੋ.ਸਕਸੈਨਾਂ ਅਕਸਰ ਸੂਟ ਪਹਿਨਦੇ ਅਤੇ ਬੜੀਆਂ ਭੜਕੀਲੀਆਂ ਟਾਈਆਂ ਬੰਨ੍ਹਦੇ। ਉਹਨਾਂ ਦੀਆਂ ਟਾਈਆਂ
ਉਤੇ ਨਗਨ ਔਰਤਾਂ ਦੇ ਨ੍ਰਿਤ ਚਿੱਤਰ ਅੰਕਿਤ ਹੁਦੇ। ਜੇ ਉਨ੍ਹਾਂ ਦੀ ਕਮੀਜ ਪੀਲੀ ਹੁੰਦੀ, ਤਾਂ ਸੂਟ
ਨੀਲਾ, ਟਾਈ ਲਾਲ, ਰੁਮਾਲ ਕਿਸੇ ਹੋਰ ਰੰਗ ਦਾ ਤੇ ਵਾਲ ਸਫੈਦ ਹੁੰਦੇ। ਅਸੀਂ ਪ੍ਰੋ .ਸਕਸੈਨਾਂ ਨੂੰ
ਦੇਖਦੇ ਤਾਂ ਲੱਗਦਾ ਜਿਵੇਂ ਕੋਈ ਇੰਦਰ ਧਨੁਸ਼ ਧਰਤੀ ਤੇ ਉੱਤਰ ਆਇਆ ਹੋਵੇ।
ਸ਼ਾਮ ਨੂੰ ਉਹਨਾਂ ਦੇ ਨਿਵਾਸ ਤੇ ਮਹਿਫਲਾਂ ਜੰਮਦੀਆਂ ਸਨ। ਉਹ ਸੁਖਵਾਦੀ
ਦਰਸ਼ਨ ਦੇ ਅਨੁਥਾਈ ਵਿਦਵਾਨ ਸਨ। ਉਹਦੇ ਨਿਵਾਸ ਸਥਾਨ ਤੇ ਸਭ ਕੁਝ ਖੁੱਲ੍ਹਾ ਸੀ। ਉਨ੍ਹਾ ਦੀ ਧਾਰਨਾਂ
ਸੀ ਕਿ ਜੇ ਕੁਝ ਖੁੱਲ੍ਹ ਕੇ ਕੀਤਾ ਜਾਵੇ ਉਹ ਅਪਰਾਧ ਜਾਂ ਪਾਪ ਨਹੀਂ ਹੁੰਦਾ। ਸਾਗਰ ਵਿਚ ਉਨ੍ਹਾਂ ਦੇ
ਆਉਣ ਤੇ ਬੜੀਆਂ ਲਹਿਰਾਂ ਉੱਠੀਆਂ। ਰਜਨੀਸ਼ ਸਕਸੈਨਾਂ ਸਾਹਿਬ ਦੀਆਂ ਮਹਿਫਲਾਂ ਵਿਚ ਰੋਜ ਉੱਠਣ ਬੈਠਣ
ਵਾਲਾ ਸੀ। ਅਸਲ ਵਿਚ ਰਜਨੀਸ਼ ਆਪਣੇ ਜੀਵਨ ਦਰਸ਼ਨ ਦਾ ਜਿਹੜਾ ਖਾਤਾ ਤਿਆਰ ਕਰ ਰਿਹਾ ਸੀ ਸਕਸੈਨਾਂ
ਸਾਹਿਬ ਦੀ ਪ੍ਰੇਰਣਾ ਉਸ ਵਿਚ ਕਾਫੀ ਮਾਤਰਾ ਵਜੋਂ ਸ਼ਾਮਿਲ ਸੀ।
ਰਜਨੀਸ਼ ਦੀ ਧੋਤੀ ਦਾ ਥਾਂ ਹੁਣ ਲੂੰਗੀ ਨੇ ਲੈ ਲਿਆ ਸੀ ਅਤੇ ਚੱਪਲਾਂ ਦੀ
ਥਾਂ ਖੜਾਵਾਂ ਪਾਉਣ ਲੱਗਾ ਸੀ। ਕੁੜਤਾ ਹੋਰ ਲੰਮਾ ਹੋ ਗਿਆ ਸੀ ਅਤੇ ਅੱਖਾਂ ਹੋਰ ਨਮ ਰਹਿਣ ਲੱਗੀਆਂ
ਸਨ। ਰਜਨੀਸ਼ ਦੇ ਲੰਮੇ ਕੁੜਤੇ ਦੀਆਂ ਜੇਬਾਂ ਮੇਵਿਆਂ ਨਾਲ ਭਰੀਆਂ ਰਹਿੰਦੀਆਂ। ਸੱਜੀ ਜੇਬ ਵਿਚ ਭੁੱਜੇ
ਹੋਏ ਕਾਜੂ ਅਤੇ ਖੱਬੀ ਜੇਬ ਵਿਚ ਛਿੱਲੀ ਮੂੰਗਫਲੀ ਦੇ ਨਮਕੀਨ ਦਾਣੇ ਹੁੰਦੇ। ਰਜਨੀਸ਼ ਅਕਸਰ ਮੂੰਗਫਲੀ
ਦੇ ਦਾਣੇ ਠੁੰਗਦਾ ਕਮਰੇ ਵਿਚੋਂ ਨਿਕਲਦਾ। ਕੋਈ ਮਿਲਦਾ ਤਾਂ ਸੱਜੇ ਹੱਥ ਵਾਲੀ ਜੇਬ ਵਿਚੋਂ ਭੁੱਜੇ
ਹੋਏ ਕਾਜੂ ਪੇਸ਼ ਕਰਦਾ। ਕੁੜੀਆਂ ਨੂੰ ਵੇਖ ਕੇ ਤਾਂ ਉਹ ਅੱਖਾਂ ਹੀ ਬੰਦ ਕਰ ਲੈਂਦਾ।
ਹੌਸਟਲ ਵਿੱਚ ਮੁੰਡੇ ਟੋਲੀਆਂ ਵਿਚ ਰਹਿੰਦੇ। ਹੱਸਦੇ, ਖੇਡਦੇ, ਪਰ ਰਜਨੀਸ਼
ਇਕਲਿਆਂ ਰਹਿਣਾ ਪਸੰਦ ਕਰਦਾ। ਸ਼ਾਮ ਨੂੰ ਰਜਨੀਸ਼ ਗੰਭੀਰੀਆਂ ਪਹਾੜੀ ਦੀ ਚੋਟੀ ਵੱਲ ਨਿਕਲ ਜਾਂਦਾ।
ਉਥੋਂ ਪਹਾੜੀ ਤੋਂ ਸੂਰਜ ਡੁੱਬਣ ਦਾ ਦ੍ਰਿਸ਼ ਬਹੁਤ ਮਨਮੋਹਕ ਦਿਖਾਈ ਦਿੰਦਾ। ਉਸ ਪਹਾੜੀ ਦੀ ਸਿਖਰ ਤੇ
ਮਹੁਏ ਦਾ ਇਕ ਰੁੱਖ ਸੀ। ਬਿਲਕੁਲ ਇਕੱਲਾ। ਰਜਨੀਸ਼ ਉਸ ਰੁੱਖ ਦੇ ਥੱਲੇ ਖਲੋ ਜਾਂਦਾ ਅਤੇ ਡੁੱਬਦੇ
ਸੂਰਜ ਦੁਆਲੇ ਬਣਦੇ ਮਿਟਦੇ ਪ੍ਰਭਾ ਮੰਡਲ ਨੂੰ ਹਨੇਰਾ ਹੋਣ ਤੱਕ ਵੇਖਦਾ ਰਹਿੰਦਾ ਅਤੇ ਜਿਉਂ ਹੀ
ਹਨੇਰਾ ਗੂਹੜਾ ਹੁੰਦਾ ਰਜਨੀਸ਼ ਦੇ ਅੰਦਰ ਲਾਲਟੈਣ ਜਗ ਉਠਦੀ। ਉਹਨੂੰ ਸੁਜਾਤਾ ਯਾਦ ਆਉਂਦੀ, ਜੇ ਇਕ
ਸੁਜਾਤਾ ਗੌਤਮ ਨੂੰ ਬੁੱਧ ਬਣਾ ਸਕਦੀ ਹੈ ਤਾਂ ਉਹ ਅਨੇਕ ਸੁਜਤਾਵਾਂ ਕਾਰਨ ਲੋਕਾਂ ਨੂੰ ਓਸ਼ੋ ਬਣ ਕੇ
ਵਿਖਾਏਗਾ। ਉਹਨੂੰ ਬੁੱਧ ਦਾ ਦਰਸ਼ਨ ਬੜਾ ਮਨ ਨੂੰ ਮਾਰਨ ਵਾਲਾ ਲੱਗਦਾ। ਉਹ ਦੇਹ ਧਰਮ ਨੂੰ ਅਪਣਾ ਧਰਮ
ਬਣਾਏਗਾ। ਪਹਾੜੀ ਦੇ ਸ਼ਿਖਰ ਤੇ ਉਸ ਰੁੱਖ ਦੇ ਥੱਲੇ ਚੋਟੀ ਤੇ ਖਲੋਤਿਆਂ ਉਹਨੂੰ ਆਪਣੀ ਉੱਚਤਾ ਅਤੇ
ਵਸ਼ਿਸ਼ਟਤਾ ਦਾ ਬੋਧ ਹੁੰਦਾ। ਇਕ ਸ਼ਾਮ ਰਜਨੀਸ਼
ਉਸ ਰੁੱਖ ਥੱਲੇ ਖਲੋਤਿਆਂ ਆਪਣੇ ਮਨ ਦੀ ਲਾਲਟੈਣ ਜਗਾ ਰਿਹਾ ਸੀ ਕਿ ਕਾਫੀ ਦੇਰ ਉਹ ਆਪਣੇ ਕਮਰੇ ਵਿਚ
ਨਾ ਪਰਤਿਆ। ਉਹਦੀ ਸੇਵਕ ਮੰਡਲੀ ਨੂੰ ਚਿੰਤਾ ਹੋਈ। ਕੁਝ ਮੁੰਡੇ ਦੋੜ ਕੇ ਪਹਾੜੀ ਤੇ ਚੜ੍ਹੇ। ਬੈਟਰੀ
ਜਗਾ ਕੇ ਦੇਖਿਆ ਤਾਂ ਉਹਨਾਂ ਦੇ ਗੁਰੂਦੇਵ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ। ਹੋਸ਼ ਪਰਤੀ ਤਾਂ ਗੁਰੂਦੇਵ
ਦੇ ਮਨ ਦੀ ਲਾਲਟੈਣ ਜਗ ਚੁੱਕੀ ਸੀ। ਇਕ ਤੇਜੱਸਵੀ ਆਭਾ ਉਹਨਾਂ ਦੇ ਮੁਖ ਮੰਡਲ ਦੇ ਫੈਲੀ ਹੋਈ ਸੀ।
ਉਹਨੂੰ ਲਗਿਆ ਕਿ ਉਹਦੇ ਚਾਰ ਚੁਫੇਰੇ ਚਾਨਣ ਹੀ ਚਾਨਣ ਸੀ। ਇਕ ਪਲ ਉਹਨੂੰ ਲਗਿਆ ਜਿਵੇਂ ਉਹ
ਪ੍ਰਜਾਪੁਰਸ਼ ਹੋ ਗਿਆ ਹੋਵੇ। ਉਸ ਸ਼ਾਮ ਤੋਂ ਬਾਦ ਰਜਨੀਸ਼ ਦੇ ਗਿਆਨ ਪ੍ਰਾਪਤੀ ਦੀ ਚਰਚਾ ਸਾਰੇ ਹੌਸਟਲ
ਵਿਚ ਫੈਲੀ ਜਾਂ ਫੈਲਾਈ ਗਈ। ਉਹਦੇ ਕਮਰੇ ਵਿਚ ਪ੍ਰਵਚਨ ਸੁਣਨ ਵਾਲਿਆਂ ਦੀ ਭੀੜ ਵੱਧਣ ਲੱਗੀ। ਪਰ
ਮਾਰਚ ਸਿਰ ਤੇ ਸੀ ਇਮਤਿਹਾਨ ਸ਼ੁਰੂ ਹੋਣ ਵਾਲੇ ਸਨ। ਅਚਾਰੀਆਂ ਬਣਨ ਤੋਂ ਪਹਿਲਾਂ ਐਮ.ਏ. ਪਾਸ ਨਹੀਂ
ਸੀ ਹੋਇਆ। ਇਮਤਿਹਾਨ ਦੇ ਕੇ ਰਜਨੀਸ਼
ਜੱਬਲਪੁਰ ਚਲਾ ਆਇਆ। ਫਿਰ ਉਹ ਕਦੀ ਸਾਗਰ ਨਹੀਂ ਪਰਤਿਆ। ਇਉਂ ਰਜਨੀਸ਼ ਮੋਹਨ ਜੈਨ, ਸਾਗਰ ਤੋਂ ਐਮ .ਏ
ਕਰਕੇ ਜੱਬਲਪੁਰ ਆ ਗਿਆ ਤਦੇ ਉਸ ਦੀ ਚੋਣ ਲੋਕ ਸੇਵਾ ਕਮੀਸ਼ਨ ਦੁਆਰਾ ਦਰਸ਼ਨ ਸ਼ਾਸ਼ਤਰ ਦੇ ਪ੍ਰੋਫੈਸਰ
ਵਜੋਂ ਹੋ ਗਈ। ਉਹਨੀਂ ਦਿਨੀਂ ਦਰਸ਼ਨ ਸ਼ਾਸ਼ਤਰ ਦੋ ਤਿੰਨ ਕਾਲਜਾਂ ਵਿਚ ਹੀ ਪੜਾਇਆ ਜਾਂਦਾ ਸੀ। ਇਕ
ਅਜਿਹਾ ਹੀ ਰਾਇਪੁਰ ਦਾ ਸੰਸਕ੍ਰਿਤ ਕਾਲਜ ਸੀ ਜਿਸ ਵਿਚ ਰਜਨੀਸ਼ ਦੀ ਪਹਿਲੀ ਨਿਯੁਕਤੀ ਹੋਈ। ਰਜਨੀਸ਼
ਲੜਕਿਆਂ ਦੇ ਹੋਸਟਲ ਵਿਚ ਹੀ ਰਹਿਣ ਲੱਗਾ। ਜਿਥੇ ਉਹ ਹੋਸਟਲ ਦੇ ਵਿਹੜੇ ਵਿਚਲੇ ਖੂਹ ਤੇ ਸਵੇਰੇ
ਨਹਾਉਂਦਾ ਅਤੇ ਮੈਸ ਵਿਚ ਰੋਟੀ ਖਾਂਦਾ।
ਰਾਇਪੁਰ ਉਹਨੂੰ ਰਾਸ ਨਹੀਂ ਸੀ ਆ ਰਿਹਾ। ਕਿਉਂਕਿ ਕਾਲਜ ਦਾ ਸਮੁੱਚਾ ਵਾਤਾਵਰਨ, ਵਿਦਿਆਰਥੀ ਅਤੇ
ਪ੍ਰੋਫੈਸਰ ਉਸ ਤੋਂ ਪ੍ਰਭਾਵਿਤ ਨਹੀਂ ਸਨ ਹੋ ਰਹੇ। ਅਸਲ ਵਿਚ ਵਿਦਿਆਰਥੀ ਰੱਟਾ ਲਾਊ ਵਿੱਦਿਆ ਅਤੇ
ਪਰੰਪਰਾਗਤ ਧਾਰਨਾਵਾਂ ਵਾਲੇ ਸਨ। ਕਾਲਜ ਦੇ ਪਿੰ੍ਰਸੀਪਲ ਸਰਸਵਤੀ ਪ੍ਰਸਾਦ ਚਤੁਰਵੇਦੀ, ਸੰਸਕ੍ਰਿਤ ਦੇ
ਪ੍ਰਸਿੱਧ ਵਿਦਵਾਨ ਅਤੇ ਸੁੱਚਤਾਵਾਦੀ ਸਨ। ਉਹ ਵੇਦਾਂ ਦੇ ਗਹਿਰ ਗੰਭੀਰ ਵਿਆਖਿਆਕਾਰ ਅਤੇ ਭਾਰਤੀ
ਦਰਸ਼ਨ ਦੇ ਪ੍ਰਬੁਧ ਗਿਆਨਵਾਨ ਸਨ। ਸ਼੍ਰੀ ਚਤੁਰਵੇਦੀ ਨੇ ਰਜਨੀਸ਼ ਦੀ ਸੀ.ਆਰ ਖਰਾਬ ਕਰ ਦਿੱਤੀ ਤੇ
ਲਿਖਿਆ ਕਿ ਉਹਨੂੰ ਕਾਲਜ ਵਿਚ ਸੰਸਕ੍ਰਿਤ ਅਤੇ ਭਾਰਤੀ ਦਰਸ਼ਨ ਦੀ ਵਿਆਖਿਆ ਕਰਨ ਵਾਲਾ ਵਿਆਖਿਆਕਾਰ
ਚਾਹੀਦਾ ਹੈ। ਇਉਂ ਰਜਨੀਸ਼ ਫਿਰ ਜੱਬਲਪੁਰ ਆ
ਗਿਆ ਅਤੇ ਮਹਾਂਕੌਸ਼ਲ ਕਲਾ ਕਾਲਜ ਵਿਚ ਪੜਾਉਣ ਲੱਗਾ। ਨਵੰਬਰ 1956 ਵਿਚ ਜਦੋਂ ਮੈਂ ਨਾਂਗਪੁਰ ਤੋਂ
ਬਦਲ ਕੇ ਜੱਬਲਪੁਰ ਆਇਆ ਤਾਂ ਪੜ੍ਹਾਉਣ ਜਾਣਾ ਪਿਆ ਮੈਨੂੰ ਮਹਾਂਕੌਸ਼ਲ ਕਲਾ ਕਾਲਜ ਵਿਚ। 1958 ਵਿਚ ਇਕ
ਵੇਰਾਂ ਮੈਂ ਦੇਖਿਆ ਕਿ ਸਟਾਫ ਰੂਮ ਵਿਚ ਰਜਨੀਸ਼ ਬੈਠਾ ਸੀ। ਮੇਰੇ ਨਾਲ ਜਾਣ ਪਹਿਚਾਣ ਦਾ ਕੋਈ ਭਾਵਾ
ਉਹਦੇ ਚਿਹਰੇ ਤੇ ਨਾ ਆਇਆ ਉਹਨੇ ਇਕ ਆਰਾਮ ਕੁਰਸੀ ਖਿੱਚ ਲਈ ਅਤੇ ਉਹਦਾ ਮੂੰਹ ਖਿੜਕੀ ਵੱਲ ਕਰਕੇ
ਪਿੱਠ ਸਟਾਫ ਰੂਮ ਵਿਚ ਬੈਠੇ ਅਧਿਆਪਕਾਂ ਵੱਲ ਕਰ ਲਈ। ਵਾਧਾ ਇਹ ਕਿ ਉਸਨੇ ਦੋਵੇਂ ਪੈਰ ਚੱਪਲਾਂ ਸਮੇਤ
ਖਿੜਕੀ ਦੀ ਚੌਕਠ 'ਤੇ ਰੱਖ ਲਏ। ਬਿਲਕੁਲ ਇਸ ਭਾਵ ਨਾਲ ਕਿ ਤੁਸੀਂ ਹੋਵੋਗੇ ਪ੍ਰਫੈਸਰ ਜਾਂ ਵਿਦਵਾਨ,
ਪਰ ਗਿਆਨ ਦੇ ਮੁਆਮਲੇ ਵਿਚ ਮੇਰੇ ਸਾਹਮਣੇ ਬੱਚੇ ਹੋ।
ਉਹਨੇ ਪੱਖਾ ਪੂਰੀ ਤਰ੍ਹਾਂ ਸਪੀਡ ਨਾਲ ਚਲਾ ਦਿੱਤਾ। ਸੂਟ ਪਾਏ ਸਾਰੇ
ਅਧਿਆਪਕ ਠੰਡ ਨਾਲ ਸੁੰਗੜ ਰਹੇ ਸਨ ਪਰ ਰਜਨੀਸ਼ ਤੇ ਇਸਦਾ ਕੋਈ ਅਸਰ ਨਹੀਂ ਸੀ।
ਵੈਸੇ ਵੀ ਰਜਨੀਸ਼ ਨੇ ਲੋਕਾਂ ਦੇ ਦੁੱਖ ਦਰਦ ਨਾਲ ਕਦੇ ਵਾਸਤਾ ਨਹੀਂ
ਰੱਖਿਆ। ਉਹਦੇ ਵਿਚਾਰ, ਚਿੰਤਨ ਅਤੇ ਦਰਸ਼ਨ ਕਦੇ ਵੀ ਸਮਾਜਮੁਖੀ ਨਹੀਂ ਰਿਹਾ। ਕਿਉਂਕਿ ਉਹ ਕੇਵਲ
ਵਿੱਅਕਤੀਵਾਦੀ ਨਹੀਂ ਸੁੱਖ ਤਲਾਸ਼ ਕਰਨ ਵਾਲਾ ਭਗਵਾਨ ਚਾਹੁੰਦਾ ਸੀ ਅਤੇ ਬਣਿਆ। ਰਜਨੀਸ਼ ਦੇ ਉਹਨੀਂ
ਦਿਨੀਂ ਇਕ ਨੇੜਲੇ ਮਿੱਤਰ ਕੈਲਾਸ਼ ਤਿਵਾੜੀ ਨੇ ਦੱਸਿਆ ਕਿ ਇਕ ਵੇਰ ਦਮੋਹ ਵਿਚ ਰਜਨੀਸ਼ ਨੂੰ ਮੁੱਖ
ਵਕਤਾ ਦੇ ਤੋਰ 'ਤੇ ਸੱਦਿਆ ਗਿਆ। ਰਜਨੀਸ਼ ਪ੍ਰਸਿੱਧ ਬੀੜੀ ਉਦਯੋਗਪਤੀ ਮਣੀਭਾਈ ਦੀ ਕਾਰ ਵਿਚ ਜੱਬਲਪੁਰ
ਤੋਂ ਦਮੋਹ ਜਾ ਰਿਹਾ ਸੀ। ਅਚਾਨਕ ਉਹਨਾਂ, ਦਮੋਹ ਤੋਂ ਪੰਦਰਾਂ ਕਿਲੋਮੀਟਰ ਪਹਿਲਾਂ ਸੜਕ ਤੇ ਇਕ ਭੀੜ
ਦੇਖੀ। ਡਰਾਈਵਰ ਨੇ ਉਤਰ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਜੱਬਲਪੁਰ ਦਾ ਇਕ ਜੈਨ ਪਰਿਵਾਰ ਦਮੋਹ ਜਾ
ਰਿਹਾ ਸੀ ਕਾਰ ਖੱਡ ਵਿਚ ਡਿਗ ਪਈ। ਪਰ ਕਾਰ ਵਿਚ ਸੁਆਰ ਮ ਬਾਪ ਤਾਂ ਚਲੇ ਬਸੇ, ਉਨ੍ਹਾਂ ਦੀ ਜੁਆਨ
ਲੜਕੀ ਜਖਮੀ ਹਾਲਤ ਵਿਚ ਪਈ ਸੀ। ਲੋਕਾਂ ਨੇ ਮਿੰਨਤ ਕੀਤੀ ਕਿ ਇਸ ਲੜਕੀ ਨੂੰ ਕਿਸੇ ਤਰ੍ਹਾਂ ਦਮੋਹ ਦੇ
ਹਸਪਤਾਲ ਵਿਚ ਪੁਚਾ ਦੇਵੋ, ਤਾਂ ਕਿ ਉਹ ਬਚ ਸਕੇ। ਪਰ ਜਖਮੀ ਲੜਕੀ ਨੂੰ ਕਾਰ ਵਿਚ ਲਿਜਾਣ ਨਾਲ ਰਜਨੀਸ਼
ਨੂੰ ਡਰਾਈਵਰ ਨਾਲ ਬੈਠਣਾ ਪੈਣਾ ਸੀ। ਰਜਨੀਸ਼ ਉਸ ਜਖਮੀ ਕੁੜੀ ਨੂੰ ਛੱਡ ਕੇ ਚਲਿਆ ਗਿਆ ਥੋੜ੍ਹੀ ਦੇਰ
ਬਾਦ ਉਹ ਕੁੜੀ ਜਖਮਾਂ ਦੀ ਤਾਬ ਨਾ ਝੱਲਦੀ ਹੋਈ ਮਰ ਗਈ। ਉਸ ਲੜਕੀ ਨੂੰ ਰਜਨੀਸ਼ ਦਾ ਮਿੱਤਰ ਕੈਲਾਸ਼
ਤਿਵਾੜੀ ਜਾਣਦਾ ਸੀ। ਉਹਨੇ ਰਜਨੀਸ਼ ਨੂੰ ਜੱਬਲਪੁਰ ਪਰਤਣ ਤੇ ਪੁੱਛਿਆ ਕਿ ਉਹਨੇ ਲੜਕੀ ਨੂੰ ਹਸਪਤਾਲ
ਕਿਉਂ ਨਹੀਂ ਪਹੁੰਚਾਇਆ? ਤਾਂ ਰਜਨੀਸ਼ ਨੇ ਨਿਰਵਿਕਾਰ ਚਿਹਰੇ ਦੇ ਭਾਵ ਨਾਲ ਕਿਹਾ, ਮੈਂ ਸਮਝ ਲਿਆ ਸੀ
ਲੜਕੀ ਦੀ ਆਯੂ ਪੂਰੀ ਹੋ ਚੁੱਕੀ ਹੈ। ਫਿਰ ਕਾਰ ਦੀ ਸੀਟ ਵੀ ਖਰਾਬ ਹੁੰਦੀ, ਅਤੇ ਮੈਨੂੰ ਦੇਰ ਹੋ
ਜਾਂਦੀ। ਇਸ ਤੇ ਕੈਲਾਸ਼ ਤਿਵਾੜੀ ਨੇ ਰਜਨੀਸ਼ ਨਾਲੋਂ ਹਮੇਸ਼ਾ ਲਈ ਸੰਬੰਧ ਤੋੜ ਲਏ।
ਇਉਂ ਸ਼ੁਰੂ ਤੋਂ ਹੀ ਰਜਨੀਸ਼ ਭਾਵਨਾਹੀਨ ਅਤੇ ਸੰਵੇਦਨਾ ਤੋਂ ਸੱਖਣਾ ਭਗਵਾਨ
ਬਣਨ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। ਇੰਦਰੀ ਸੁੱਖ ਹੀ ਉਹਦੇ ਲਈ ਸਰਵੋਤਮ ਸੀ। ਦੂਸਰਾ ਦੁਖੀ
ਹੈ ਜਾਂ ਅਭਾਵਗ੍ਰਸਤ ਹੈ ਤਾਂ ਉਹਨੂੰ ਕੀ? ਗਰੀਬੀ ਪਾਪ ਹੈ, ਦੁੱਖ ਦੰਡ ਹੈ। ਇਹ ਤਾਂ ਮਨੂੰਖ ਨੂੰ
ਭੋਗਣਾ ਹੀ ਪੈਣਾ ਹੈ। ਆਖਿਰ ਉਹ ਕੋਣ ਹੈ ਪ੍ਰਭੂ ਦੀ ਲੀਲ੍ਹਾ ਵਿਚ ਦਖਲ ਦੇਣ ਵਾਲਾ।
ਰਜਨੀਸ਼ ਜਿਥੇ ਰਹਿੰਦਾ ਸੀ ਕਾਲਜ ਉਸ ਤੋਂ ਥੋੜ੍ਹੀ
ਦੂਰ 'ਪਚਪੇੜੀ' ਵਿਚ ਸੀ। ਉਹ ਆਪਣੇ ਨਪੀਅਰ ਟਾਊਨ ਵਾਲੇ ਨਿਵਾਸ ਸਥਾਨ ਤੋਂ ਰੋਜ ਸਵੇਰੇ ਸਾਈਕਲ ਤੇ
ਕਾਲਜ ਜਾਂਦਾ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਸਾਈਕਲ ਤੇ ਬੈਠਦਿਆਂ ਹੀ ਅੱਖਾਂ ਮੀਟ ਲੈਂਦਾ।
ਕੁਝ ਦਿਨਾਂ ਵਿਚ ਹੀ ਉਹ ਰਸਤੇ ਤੇ ਚੱਲਣ ਵਾਲੇ ਲੋਕਾਂ ਨੂੰ ਰਜਨੀਸ਼ ਦੀ ਇਸ ਅਦਾ ਬਾਰੇ ਪਤਾ ਲੱਗ
ਗਿਆ। ਇਸ ਲਈ ਜਿਉਂ ਹੀ ਉਹਦੀ ਸਾਈਕਲ ਸੜਕ ਤੇ ਆਉਂਦੀ ਲੋਕ ਰਸਤਾ ਖਾਲੀ ਕਰ ਦੇਂਦੇ ਅਤੇ ਆਸੇ ਪਾਸੇ
ਹੋ ਜਾਂਦੇ। ਅਸੀਂ ਸਾਰੇ ਇਸ ਗੱਲ ਤੇ
ਹੈਰਾਨ ਹੁੰਦੇ ਕਿ ਆਖਿਰ ਕਿਵੇਂ ਅੱਖਾਂ ਬੰਦ ਕਰਨ ਤੇ ਵੀ ਉਸਨੂੰ ਰਸਤਾ ਦਿਸਦਾ ਰਹਿੰਦਾ ਸੀ। ਇਹੋ
ਜਿਹੀ ਜਾਦੂਗਰੀ ਤਾਂ ਪ੍ਰਸਿੱਧ ਜਾਦੂਗਰ ਪੀ .ਸੀ .ਸਰਕਾਰ ਹੀ ਕਰ ਸਕਦਾ ਸੀ। ਬਿਲਕੁਲ ਇਕ ਜਾਦੂਗਰ
ਵਾਂਗ ਨਾਂ ਉਹਦੀ ਕਿਸੇ ਸਿਪਾਹੀ, ਖੰਡੇ ਜਾਂ ਬੰਦੇ ਨਾਲ ਟੱਕਰ ਹੁੰਦੀ, ਨਾ ਉਹ ਸਾਈਕਲ ਤੋਂ ਡਿਗਦਾ
ਸੀ। ਸਾਈਕਲ ਨੂੰ ਘੰਟੀ ਵੀ ਨਹੀਂ ਸੀ। ਇਕ
ਦਿਨ ਉਹਨੇ ਐਮ.ਏ ਦੀ ਕਲਾਸ ਵਿਚ ਇਹ ਐਲਾਨ ਕੀਤਾ, ਕਿ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਹਾਨੂੰ ਵਿਸ਼ਵ
ਦੇ ਸਭ ਤੋਂ ਮੌਲਿਕ ਅਚਾਰੀਯਾ ਤੋਂ ਦਰਸ਼ਨ ਸ਼ਾਸ਼ਤਰ ਪੜ੍ਹਨ ਦਾ ਮੌਕਾ ਮਿਲਿਆ ਹੋਇਆ ਹੈ। ਇਕ ਵਿਦਿਆਰਥੀ
ਰਜਨੀਸ਼ ਦੇ ਬੜਬੋਲੇਪਣ ਤੋਂ ਵਾਕਿਫ ਸੀ। ਕਹਿਣ ਲੱਗਾ, 'ਸਰ! ਪਰ ਤੁਸੀਂ ਇਸ ਗੱਲ ਨੂੰ ਸਿੱਧ ਕਿਵੇਂ
ਕਰੋਗੇ?' ਰਜਨੀਸ਼ ਨੇ ਕਿਹਾ, 'ਸਿੱਧ ਮੈਂ
ਨਹੀਂ, ਤੁਸੀਂ ਕਰੋਗੇ। ਹੱਛਾ ਤੁਸੀਂ ਦੱਸੋ ਦੁਨੀਆਂ ਦਾ ਸਭ ਤੋਂ ਚੰਗਾ ਦੇਸ ਕਿਹੜਾ ਹੈ?'
ਵਿਦਿਆਰਥੀਆਂ ਨੇ ਕਿਹਾ, 'ਜੀ ਭਾਰਤ।'
ਰਜਨੀਸ਼ ਨੇ ਕਿਹਾ,' ਬਿਲਕੁਲ ਠੀਕ। ਇਕਬਾਲ ਨੇ ਵੀ ਕਿਹਾ ਹੈ ਸਾਰੇ ਜਹਾਂ
ਸੇ ਹੱਛਾ, ਹਿੰਦੋਸਤਾਂ ਹਮਾਰਾ।' ਤੇ ਭਾਰਤ ਵਿਚ ਸਭ ਤੋਂ ਵਧੀਆ ਪ੍ਰਾਂਤ ਕਿਹੜਾ?'
ਵਿਦਿਆਰਥੀਆਂ ਨੇ ਕਿਹਾ, 'ਜੀ ਮੱਧ ਪ੍ਰਦੇਸ਼।'
'ਇਹ ਵੀ ਠੀਕ ਹੈ ਕਿਉਂਕਿ ਜੋ ਚੀਜ ਮੱਧ ਵਿਚ ਰਹਿੰਦੀ ਹੈ ਉਹ ਸਭ ਤੋਂ
ਵਧੀਆ ਹੁੰਦੀ ਹੈ। ਜਿਵੇਂ ਕਿ ਸਾਡਾ ਦਿਲ। ਹੱਛਾ, ਹੁਣ ਇਹ ਦੱਸੋ ਕਿ ਮੱਧ ਪ੍ਰਦੇਸ਼ ਦਾ ਸਭ ਤੋਂ ਵਧੀਆ
ਨਗਰ ਕਿਹੜਾ ਹੈ?' ਵਿਦਿਆਰਥੀਆਂ ਨੇ ਕਿਹਾ,
'ਜੀ ਜਬੱਲਪੁਰ।' 'ਬਿਲਕੁਲ ਠੀਕ, ਹੱਛਾ
ਹੁਣ ਇਹ ਦੱਸੋ ਕਿ ਜੱਬਲਪੁਰ ਦਾ ਸਭ ਤੋਂ ਵਧੀਆ ਕਾਲਜ ਕਿਹੜਾ ਹੈ?'
ਇਹਦਾ ਉੱਤਰ ਵੀ ਆਸਾਨ ਅਤੇ ਇਕੋ ਸੀ। ਕਿਉਂਕਿ ਮਹਾਂਕੌਸ਼ਲ ਕਲਾ ਕਾਲਜ
ਜੱਬਲਪੁਰ ਦਾ ਸਭ ਤੋਂ ਪੁਰਾਣਾ ਕਾਲਜ ਸੀ ਅਤੇ ਇਹਦੀ ਇਮਾਰਤ ਬਹੁਤ ਸੁੰਦਰ ਮੰਨੀ ਜਾਂਦੀ ਸੀ।
ਵਿਦਿਆਰਥੀਆਂ ਨੇ ਕਿਹਾ, 'ਮਹਾਂਕੌਸ਼ਲ ਕਾਲਜ।'
'ਹੱਛਾ ਹੁਣ ਇਹ ਦੱਸੋ ਕਿ ਤੁਸੀਂ ਦਰਸ਼ਨ ਸ਼ਾਸ਼ਤਰ ਦਾ ਵਿਸ਼ਾ ਕਿਉਂ ਚੁਣਿਆ?'
ਸਾਰੇ ਵਿਦਿਆਰਥੀਆਂ ਨੇ ਇਕੋ ਅਵਾਜ ਵਿਚ ਕਿਹਾ, 'ਕਿਉਂਕਿ ਦਰਸ਼ਨ ਸ਼ਾਸ਼ਤਰ ਸਭ
ਸ਼ਾਸ਼ਤਰਾਂ ਦਾ ਮੂਲ ਹੈ।' 'ਹੱਛਾ ਇਹ ਦੱਸੋ
ਕਿ ਏਥੇ ਦਰਸ਼ਨ ਸ਼ਾਸ਼ਤਰ ਦੇ ਅਧਿਆਪਕਾਂ ਵਿਚ ਸਭ ਤੋਂ ਵਧੀਆ ਅਧਿਆਪਕ ਕੌਣ ਹੈ?'
ਵਿਦਿਆਰਥੀਆਂ ਨੂੰ ਇਸ ਸੁਆਲ ਜੁਆਬ ਵਿਚ ਆਨੰਦ ਆ ਰਿਹਾ ਸੀ। ਉਹਨਾਂ ਦਿਨਾਂ
ਵਿਚ ਦਰਸ਼ਨ ਸ਼ਾਸ਼ਤਰ ਵਿਚ ਕੋਈ ਦੂਜਾ ਅਧਿਆਪਕ ਹੈ ਵੀ ਨਹੀਂ ਸੀ। ਸਭ ਨੇ ਕਿਹਾ,
'ਸਰ ਤੁਸੀ।'
ਅਸਲ ਵਿਚ ਰਜਨੀਸ਼ ਸਮੂਹ ਇੱਕਠ ਦਾ ਗੁੰਜਾਰ ਭਰਿਆ ਹੁੰਗਾਰਾ ਭਰਵਾਉਣ ਦਾ ਅਭਿਆਸ ਕਰ ਰਿਹਾ ਸੀ। ਅਜਿਹੀ
ਤਰਕ ਭਰਪੂਰ ਜੁਗਤੀ ਦਾ ਵਿਕਾਸ ਕਰ ਰਿਹਾ ਸੀ ਜਿਸਦੇ ਜਾਦੂਮਈ ਅਸਰ ਨਾਲ ਉਹ ਮਨਚਾਹੇ ਸਿੱਟਿਆਂ ਤਕ
ਪਹੁੰਚ ਸਕੇ। ਉਹ ਆਪਣੇ ਅਨੁਯਾਈਆਂ ਦੀ ਵਿਵੇਕ ਸ਼ਕਤੀ ਨੂੰ ਆਪਣੇ ਅਧੀਨ ਕਰਨ ਦੀ ਸ਼ਕਤੀ ਇੱਕਠੀ ਕਰ
ਰਿਹਾ ਸੀ। ਸਿਗਮੰਡ ਫ੍ਰਾਈਡ ਦੇ ਜੀਵਨੀ
ਲੇਖਕ, 'ਮਾਗਰਿਟ ਮਕੇਨਹਾਉਆਟ' ਨੇ ਲਿਖਿਆ ਹੈ ਕਿ ਫ੍ਰਾਈਡ ਆਪਣੇ ਵਿਚਾਰਾਂ ਦੇ ਉਲਟ ਕੁਝ ਵੀ ਸੁਣਨਾ
ਬਰਦਾਸ਼ਤ ਨਹੀਂ ਸੀ ਕਰਦਾ। ਉਹਨੇ ਆਪਣੇ ਕੁਝ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਇਸ ਲਈ ਆਪਣੇ ਅੰਦਲੋਨ
ਵਿਚੋਂ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਹ ਫ੍ਰਾਈਡ ਨਾਲ ਸਹਿਮਤ ਨਹੀਂ ਸਨ। ਇਸ ਲਈ ਫ੍ਰਾਈਡ ਦੇ ਕੁਝ
ਵਿਦਿਆਰਥੀਆਂ ਬਾਅਦ ਵਿਚ ਉਹਨੂੰ 'ਫਰਾਡ' ਵੀ ਕਹਿਣ ਲੱਗੇ ਸਨ। ਰਜਨੀਸ਼ ਵੀ ਆਪਣੇ ਵਿਅਕਤਿਤਵ ਅਤੇ
ਵਿਚਾਰਾਂ ਤੋਂ ਵਿਪਰੀਤ ਸੋਚਣ ਅਤੇ ਕਹਿਣ ਵਾਲੇ ਨੂੰ ਦੁੱਧ ਵਿਚੋਂ ਮੱਖੀ ਦੀ ਤਰ੍ਹਾਂ ਕੱਢ ਕੇ ਬਾਹਰ
ਮਾਰਦਾ ਸੀ। ਤੁਸੀਂ ਮੈਨੂੰ ਸਰਵਸ਼੍ਰੇਸ਼ਟ ਮੰਨੋ, ਉਹ ਵੀ ਨਿਰਵਿਵਾਦ, ਅਸਧਾਰਨ, ਵਿਸ਼ੇਸ਼ ਅਤੇ ਕੇਵਲ ਇਕੋ
ਇਕ। ਸਲਾਹ ਦੇਣ ਦੀ ਕਲਾ ਹਿਪਨੋਟਾਈਜ (ਸੰਮੋਹਨ) ਕਰਨ ਦੀ ਸ਼ਕਲ ਅਖਤਿਆਰ ਕਰ ਰਹੀ ਸੀ। ਫ੍ਰਾਈਡ ਵੀ
ਆਪਣੇ ਮਨੋਵਿਗਿਆਨਕ ਇਲਾਜ ਵਿਚ ਮੈਸਮਰੇਜਮ ਕਲਾ ਦਾ ਇਸਤੇਮਾਲ ਕਰਦਾ ਸੀ।
ਰਜਨੀਸ਼ ਲਈ ਜੋ ਹਿਪਨੋਟਾਈਜ ਨਹੀਂ ਹੋਣ ਵਾਲਾ ਸੀ, ਉਹ ਬੇਜਾਰ ਸੀ। ਉਹ
ਅਜਿਹੇ ਵਿਅਕਤੀਆਂ ਤੇ ਸਮਾਂ ਖਰਾਬ ਨਹੀਂ ਸੀ ਕਰਦਾ। ਫ੍ਰਾਈਡ ਨੇ ਮਨੋਰੋਗ ਦੂਰ ਕਰਨ ਵਾਲੀ ਇਲਾਜ
ਪ੍ਰਣਾਲੀ ਪੈਰਿਸ ਦੇ ਪ੍ਰਸਿੱਧ ਮਨੋ - ਚਕਿਤਸਕ 'ਜੀਨ ਮਾਰਟੀਨ ਚਾਰਕਾਟ' ਤੋਂ ਸਿਖਿਆ ਸੀ ਅਤੇ ਰਜਨੀਸ਼
ਨੇ ਫ੍ਰਾਈਡ ਤੋਂ ਜਾਂ ਭਾਰਤੀ ਤੰਤਰ ਵਿੱਦਿਆ ਤੋਂ ਸਿਖਿਆ ਸੀ। ਰਜਨੀਸ਼ ਆਪਣੀ ਸੇਵਕ ਮੰਡਲੀ 'ਚ ਕੇਵਲ
ਉਹਨਾਂ ਨੂੰ ਹੀ ਸ਼ਾਮਿਲ ਕਰਦਾ ਸੀ ਜੋ ''ਮਨਰਸ ਵਾਚਾ ਕ੍ਰਮਣ'' ਅਨੁਸਾਰ ਉਸ ਤੇ ਅਖੰਡ, ਵਿਸ਼ਵਾਸ਼ ਕਰਦੇ
ਸਨ। ਜੱਬਲਪੁਰ ਵਿੱਚ ਰਜਨੀਸ਼ ਮਦਨ ਮਹਿਲ
ਸਟੇਸ਼ਨ ਨੇੜੇ, ਤਿਰਪਾਲ ਚੌਗਡਾ ਵਿਚ ਕਿਰਾਏ ਤੇ ਮਕਾਨ ਲੈ ਕੇ ਰਹਿੰਦਾ ਸੀ। ਇਹ ਘਰ ਗਾਡਰਵਾੜਾ ਦੀ ਇਕ
ਤੀਵੀਂ ਦਰੋਪਦੀ ਦਾ ਸੀ। ਇਸ ਘਰ ਦਾ ਚੌਬਾਰਾ ਉਹਨੂੰ ਗਾਡਰਵਾੜੇ ਜਿਹਾ ਹੀ ਲੱਗਦਾ। ਚੌਬਾਰੇ ਦੀ ਕੱਛ
ਵਿਚ ਹੀ ਥੱਲੇ ਖੂਹ ਸੀ। ਉਤੋਂ ਹੀ ਡੌਲ ਲਮਕਾ ਕੇ ਪਾਣੀ ਖਿੱਚ ਕੇ ਨਹਾਉਣ ਦੀ ਸੁਵਿਧਾ ਸੀ। ਇਸ ਘਰ
'ਚ ਰਜਨੀਸ਼ ਦੀ ਵਿਧਵਾ ਭੂਆ ਵੀ ਆ ਕੇ ਰਹਿਣ ਲੱਗੀ ਸੀ ਜੋ ਭਰ ਜੁਆਨੀ 'ਚ ਵਿਧਵਾ ਹੋ ਗਈ ਸੀ। ਰਜਨੀਸ਼
ਆਪਣੇ ਕਰਮ ਅਤੇ ਦਰਸ਼ਨ ਦਾ ਇਕ ਮੋਟਾ ਖਾਤਾ ਤਿਆਰ ਕਰ ਰਿਹਾ ਸੀ। ਉਹਨੂੰ ਲਗਦਾ, ਭਾਰਤੀ ਸਮਾਜ ਦੇ
ਦੁੱਖ ਦਾ ਕਾਰਨ ਉਹਦਾ ਸਮਾਜਿਕ ਤੇ ਧਾਰਮਿਕ ਮਨਾਹੀਆਂ ਵਿਚ ਜੱਕੜੇ ਰਹਿਣਾ ਹੈ। ਸਾਡਾ ਸਾਰਾ ਕਰਮ -
ਕਾਂਡ ਸਾਰੀ ਨੈਤਿਕਤਾ, ਸਾਰੀ ਅਧਿਆਤਮਿਕਤਾ, ਦੇਹ ਆਸ਼ਰਿਤ ਹੈ। ਦੇਹ ਦੀ ਨੈਤਿਕਤਾ ਦਾ ਭਾਵ ਹੋਇਆ ਕਿ
ਅਸੀਂ ਦੇਹ ਤੋਂ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਰਜਨੀਸ਼ ਨੇ ਦੇਹ ਤੋਂ ਪਾਰ ਜਾਣ ਦੀ ਸੋਚ ਲਈ।
'ਸੰਭੋਗ ਤੋਂ ਸਮਾਧੀ' ਤੱਕ ਕਿਵੇਂ ਪੁੱਜਿਆ ਜਾ ਸਕਦਾ ਹੈ? ਇਹਨੂੰ ਕੇਵਲ ਸ਼ਬਦਾਂ ਨਾਲ ਹੀ ਨਹੀਂ ਕਰਮ
ਨਾਲ ਵੀ ਸਿੱਧ ਕਰਨਾ ਚਾਹੀਦਾ ਹੈ। ਪਰ ਇਸ ਤਜ਼ਰਬੇ ਲਈ ਪ੍ਰਯੋਗਸ਼ਾਲਾ ਦੀ ਲੋੜ ਸੀ ਤੇ ਉਹ ਕਿਤੇ ਦੂਰ
ਨਹੀਂ ਜਾਂਦਾ। ਉਹਦੀ ਧਾਰਨਾ ਸੀ ਕਿ ਉਹ ਆਪਣੇ ਦਰਸ਼ਨ ਅਤੇ ਪ੍ਰਯੋਗ ਲਈ ਕਿਤੇ ਦੂਰ ਨਹੀਂ ਸੀ ਜਾਂਦਾ।
ਇਸ ਸਿਧਾਂਤ ਅਤੇ ਪ੍ਰਯੋਗ ਦੇ ਕਾਰਨ ਰਜਨੀਸ਼ ਨੂੰ ਉਹ ਘਰ ਮਹੀਨੇ ਦੇ ਅੱਧ ਵਿਚ ਹੀ ਛੱਡਣਾ ਪੈ ਗਿਆ।
ਮਾਲਕ ਮਕਾਨ ਤੀਵੀਂ ਨੇ ਪੈਸਿਆਂ ਦੇ ਬਦਲੇ ਵਿਚ ਰਜਨੀਸ਼ ਦਾ ਸੌਫਾ ਰੱਖ ਲਿਆ। ਉਹ ਸੌਫਾ ਅੱਜ ਵੀ ਉਸ
ਤੀਵੀਂ ਕੋਲ ਪਿਆ ਹੈ। ਪੁਰਾਣਾ ਹੋ ਜਾਣ ਕਰਕੇ ਉਹਦੀ ਰੈਕਸੀਨ ਬਦਲਵਾ ਦਿੱਤੀ ਗਈ ਹੈ।
ਰਜਨੀਸ਼ ਨੇ ਨਵਾਂ ਮਕਾਨ ਲੱਭ ਲਿਆ। ਅਮੀਰ ਕਾਲੋਨੀ ਵਿਚ ਜਿਥੇ ਦੂਰ ਦਰਾਂਡੇ
ਬੰਗਲੇ ਸਨ ਅਤੇ ਕੋਈ ਇਕ-ਦੂਜੇ ਘਰ ਵਿਚ ਤਾਂਕ ਝਾਂਕ ਨਹੀਂ ਸੀ ਕਰਦਾ। ਜੱਬਲਪੁਰ ਦੇ ਨੇਪੀਅਰ ਟਾਊਨ
ਵਿਚ ਵੱਡੇ ਘਰ, ਵੱਡੇ ਲਾਨ, ਵੱਡੇ ਤੇ ਸੰਘਣੇ ਰੁੱਖ । ਜੁਆਨ ਭੂਆ ਵੀ ਉਹਨਾਂ ਦੇ ਨਾਲ ਸੀ। ਪਰ ਉਸਦੇ
ਸੰਭੋਗ ਤੋਂ ਸਮਾਧੀ ਤੱਕ ਦੇ ਪ੍ਰਯੋਗ ਲਗਾਤਾਰ ਚਲਦੇ ਰਹੇ ਸਨ। ਆਸ ਪਾਸ ਦੀਆਂ ਚੇਲੀਆਂ ਨਾਲ ਵੀ
ਉਨ੍ਹਾਂ ਨੇ ਅਜਿਹੇ ਪ੍ਰਯੋਗ ਕਰਨੇ ਚਾਹੇ। ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਭਗਤਣੀਆਂ ਉਹਨਾਂ ਦੀ ਇਸ
ਅਧਿਆਤਮਿਕਤਾ ਦੀਆਂ ਕਾਇਲ ਹੋ ਗਈਆਂ, ਪਰ ਅਚਾਨਕ ਜੱਬਲਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ
ਪ੍ਰਧਾਨ ਨੂੰ ਆਪਣਾ ਫਰਜ਼ ਚੇਤੇ ਆ ਗਿਆ। ਉਹ ਸਤਰਕ ਅਤੇ ਕਿਰਿਆ ਸ਼ੀਲ ਹੋ ਗਏ।
ਰਜਨੀਸ਼ ਦੀ ਇਸ ਅਧਿਆਤਮਿਕਤਾ ਨੇ ਜੱਬਲਪੁਰ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਉਹਦੇ ਲਈ ਜੱਬਲਪੁਰ ਦੇ ਸਾਰੇ ਰਸਤੇ ਬੰਦ ਹੋ ਗਏ। ਰਜਨੀਸ਼ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ।
ਰਜਨੀਸ਼ ਦਾ ਪ੍ਰਾਣਾਯਾਮ ਵਾਲਾ ਅਭਿਆਸ
ਪੂਰਾ ਹੋ ਚੁੱਕਾ ਸੀ। ਇਹ ਅਭਿਆਸ ਕਾਫੀ ਔਖਾ ਸੀ। ਪ੍ਰਾਣਾਯਾਮ ਦੀਆਂ 'ਕੁੰਭਕ' ਤੇ 'ਰੇਚਕ' ਜੁਗਤੀਆਂ
ਰਜਨੀਸ਼ ਨੇ ਸਿੱਧ ਕਰ ਲਈਆਂ ਸਨ। ਹੁਣ ਕੇਵਲ 'ਪੰਚਬਾਣ' ਮਾਰਗ ਦੀ ਪ੍ਰਾਪਤੀ ਬਾਕੀ ਸੀ।
ਰਜਨੀਸ਼ ਨੇ ਆਪਣੀ ਸਾਧਨਾ ਵਾਲੀ ਥਾਂ ਨੂੰ
ਪ੍ਰਯੋਗਸ਼ਾਲਾ ਵਿਚ ਬਦਲ ਦਿੱਤਾ ਸੀ। ਵਾਧੇ ਦੀ ਗੱਲ ਇਹ ਕਿ ਪ੍ਰਯੋਗ ਲਈ ਜਿਹੜੇ ਔਜਾਰ ਜਾਂ ਵਸਤੂਆਂ
ਚਾਹੀਦੀਆਂ ਸਨ, ਰਜਨੀਸ਼ ਉਹਨਾਂ ਦੀ ਭਾਲ ਲਈ ਕਿਤੇ ਦੂਰ ਨਹੀਂ ਸੀ ਜਾਂਦਾ। ਜੋ ਸਹਿਜ ਅਤੇ ਨੇੜੇ
ਉਪਲਬਧ ਸੀ ਉਹੋ ਕਾਫੀ ਸੀ। ਉਪਰੋਕਤ ਕਾਰਜ ਦੀ ਸਿੱਧੀ ਨੇ ਰਜਨੀਸ਼ ਨੂੰ ਪ੍ਰਯੋਗ ਵਸਤੂਆਂ ਵਿਚ ਕੰਮ
ਆਉਣ ਵਾਲੇ ਸਰੀਰਕ ਸਿੱਟਿਆਂ ਸਮਾਧੀ ਤੱਕ ਵਾਲੇ ਦਰਸ਼ਨ ਨੂੰ ਪ੍ਰਚੰਡ ਸਿਖਰ ਤੱਕ ਲੈ ਗਿਆ।
ਸੰਧਿਆ ਵੇਲੇ ਰਜਨੀਸ਼ ਮਦਨ ਮਹਿਲ ਵੱਲ ਸੈਰ ਨੂੰ
ਨਿਕਲਦਾ। ਅੱਗੇ ਦੇਵਤਾਲ ਨੇੜੇ ਗੰਧਕ ਦੇ ਤਾਲਾਬ ਸਨ। ਰਜਨੀਸ਼ ਨੇ ਸੁਣ ਰੱਖਿਆ ਸੀ ਕਿ ਗੰਧਕ ਦੇ ਪਾਣੀ
ਵਿਚ ਚਮੜੀ ਰੋਗਾਂ ਨੂੰ ਦੂਰ ਕਰਨ ਦੀ ਅਦਭੁਤ ਸ਼ਕਤੀ ਹੁੰਦੀ ਹੈ। ਇਸ ਲਈ ਉਹ ਕਿੰਨਾਂ ਕਿੰਨਾਂ ਚਿਰ
ਗੰਧਕ ਦੇ ਪਾਣੀ ਵਿਚ ਲੱਤਾਂ ਲਮਕਾ ਕੇ ਬੈਠਾ ਰਹਿੰਦਾ। ਇਉਂ ਅੰਦਰ ਦੀ ਔਸ਼ਧੀ ਲਈ ਤਾਂ 'ਸੰਭੋਗ ਤੋਂ
ਸਮਾਧੀ' ਹੀ ਕਾਫੀ ਸੀ, ਬਾਹਰ ਦੇ ਰੋਗ ਲਈ ਗੰਧਕ ਦਾ ਪਾਣੀ ਕਾਫੀ ਸਿੱਧ ਹੋਇਆ।
ਮੋਪਾਸਾਂ ਰਜਨੀਸ਼ ਦਾ ਮਨਪਸੰਦ ਕਹਾਣੀਕਾਰ ਸੀ। ਮੋਪਾਸਾਂ ਤੋਂ ਕਿਸੇ ਨੇ
ਪੁੱਛਿਆ ਸੀ ਕਿ, ''ਤੁਹਾਡੀਆਂ ਕਹਾਣੀਆਂ ਦੀਆਂ ਬਹੁਤੀਆਂ ਨਾਇਕਾਵਾਂ ਕਈ ਮਰਦਾਂ ਨਾਲ ਪ੍ਰੇਮ ਸੰਬੰਧ
ਰੱਖਣ ਵਾਲੀਆਂ ਜਾਂ ਵੇਸ਼ਵਾਵਾਂ ਕਿਉਂ ਨੇ। ਤਾਂ ਮੋਪਾਸਾਂ ਨੇ ਕਿਹਾ ਸੀ, ਸਤੀ ਸਵਿਤਰੀ ਇਸਤਰੀਆਂ
ਬੱਚੇ ਪੈਦਾ ਕਰਦੀਆਂ ਨੇ, ਰੋਟੀ ਪਕਾ ਸਕਦੀਆਂ ਨੇ, ਜਾਂ ਵੱਧ ਤੋਂ ਵੱਧ ਪਤੀ ਨੂੰ ਖੁਸ਼ ਰੱਖ ਸਕਦੀਆਂ
ਨੇ। ਉਹਨਾਂ ਦੀ ਕੋਈ ਕਹਾਣੀ ਨਹੀਂ ਹੁੰਦੀ।'' ਰਜਨੀਸ਼ ਨੂੰ ਮੋਪਾਸਾਂ ਦੀ ਇਹ ਟਿੱਪਣੀ ਬੇਹੱਦ ਪਸੰਦ
ਸੀ। ਕਿਉਂਕਿ ਉਹ ਖੁੱਦ ਇਸਤਰੀਆਂ ਨੂੰ ਮੰਗਲ ਸੂਤਰਾਂ, ਬਿਛੂਏ ਅਤੇ ਕਰਵਾ ਚੌਥ ਜਹੇ ਬੰਧਨਾਂ ਤੋਂ
ਮੁਕਤ ਕਰ ਰਿਹਾ ਸੀ। ਹਰੀਵੰਸ਼ ਰਾਇ ਬੱਚਨ ਦੀ ਮਧੂਸ਼ਾਲਾ ਉਹਨੂੰ ਮੂੰਹ ਜੁਬਾਨੀ ਯਾਦ ਸੀ। ਆਪਣੀ
ਸਿਧਾਂਤਿਕ ਨਿਸ਼ਠਾ ਨੂੰ ਸਿੱਧ ਕਰਨ ਲਈ ਉਹ ਉਰਦੂ ਦੇ ਸ਼ੇਅਰ ਵੀ ਸੁਣਾ ਦਿੰਦਾ ਸੀ।
ਇਕ ਵਾਰ ਬਚਨ ਜੀ ਨੇ ਆਪਣੀ ਇਕ ਪ੍ਰਸਿੱਧ ਕਵਿਤਾ,
ਤੂੰ ਮੈਨੂੰ ਪੁਕਾਰ ਲਵੇ ... ।'' ਰਜਨੀਸ਼ ਦੀ ਹਾਜਰੀ 'ਚ ਸੁਣਾਈ। ਤਦ ਰਜਨੀਸ਼ ਨੇ ਕਿਹਾ, ਬੱਸ ਏਥੇ
ਹੀ ਇਕ ਗਲਤੀ ਹੋ ਗਈ। ਕਿਉਂਕਿ ਇਕ ਸੱਚੇ ਪ੍ਰੇਮੀ ਨੂੰ ਪ੍ਰੇਮਿਕਾ ਦੇ ਦਰਵਾਜੇ ਤੇ ਦਸਤਕ ਦੇਣੀ
ਚਾਹੀਦੀ ਹੈ। ਖਲੋ ਕੇ ਉਡੀਕ ਨਹੀਂ ਕਰਨੀ ਚਾਹੀਦੀ।
ਰਜਨੀਸ਼ ਦਾ ਇਹ ਕਮਾਲ ਸੀ ਕਿ ਉਹ ਗਿਆਨ - ਵਿਗਿਆਨ, ਕਾਵਿ, ਰੋਜਾਨਾ ਜੀਵਨ
ਦੇ ਅਨੁਭਵਾਂ ਨੂੰ ਆਪਣੇ ਦਰਸ਼ਨ ਦੇ ਜਾਦੂ ਨਾਲ ਨਸ਼ੇ ਵਿਚ ਬਦਲ ਦਿੰਦੇ ਉਹਦਾ ਅਧਿਐਨ ਬਹੁਤ ਡੂਘਾ ਸੀ।
ਉਹਦਾ ਅੰਦਾਜੇ-ਬਿਆਂ ਸੁਣਨ ਵਾਲੇ ਤੇ ਜਾਦੂ ਕਰਦਾ ਸੀ। ਉਹ ਸਰੀਰ ਦੀਆਂ ਕਮਜ਼ੋਰੀਆਂ ਤੋਂ ਵਾਕਿਫ ਸੀ।
ਰਜਨੀਸ਼ ਜੀਵਨ ਦੇ ਦੋਰਾਹੇ ਤੇ ਖੜਾ ਸੀ।
ਨੌਕਰੀ ਜਾਂ ਸੰਤ ਗਿਰੀ? ਇਸੇ ਦੌਰਾਨ ਜੱਬਲਪੁਰ ਵਿਚ ਦੋ ਤਿੰਨ ਅਜਿਹੀਆਂ ਘਟਨਾਵਾਂ ਵਾਪਰ ਗਈਆਂ ਕਿ
ਰਜਨੀਸ਼ ਨੂੰ ਆਪਣੇ ਜੀਵਨ ਦਾ ਮੋੜ ਨਿਸ਼ਚਤ ਕਰਨ ਲਈ ਮਜਬੂਰ ਹੋਣਾ ਪਿਆ। ਇਸ ਲਈ ਉਹਨਾਂ ਦੇ ਭਗਵਾਨ ਬਣਨ
ਵਿਚ ਕੁਝ ਦੇਰੀ ਹੋ ਗਈ। ਸੰਨ 1964 ਵਿਚ 41 ਸਾਲਾਂ ਦੀਉਮਰ ਵਿਚ ਜੱਬਲਪੁਰ ਦੇ ਸੇਠ ਗੋਬਿੰਦਦਾਸ ਦੇ
ਪੁੱਤਰ ਜਗਮੋਹਨ ਦਾਸ ਦੀ ਮੌਤ ਹੋ ਗਈ। ਕਾਰਨ ਦਿਲ ਦਾ ਦੌਰਾ ਸੀ। ਸੇਠ ਨੂੰ ਕੋਈ ਹੌਸਲਾਂ ਦੇਣ ਵਾਲਾ
ਨਹੀਂ ਸੀ। ਸੇਠ ਦੀ ਪਤਨੀ ਵਿਧਵਾ ਨੂੰਹ ਵਿੱਦਿਆ ਦੇਵੀ, ਮਹਿਲ ਵਿਚ ਜਿਵੇਂ ਦੁੱਖ ਦੇ ਹੱਥੋਂ ਬੰਦੀ
ਬਣੇ ਪਏ ਸਨ। ਕਿਸੇ ਨੇ ਸੇਠ ਜੀ ਨੂੰ
ਰਜਨੀਸ਼ ਦਾ ਨਾਂ ਸੁਝਾਇਆ। ਰਜਨੀਸ਼ ਮਹਿਲ ਵਿਚ ਜਾਣ ਲੱਗਾ। ਅਤੇ ਸੇਠ ਦੇ ਪੂਰੇ ਪਰਿਵਾਰ ਨੂੰ ਜੀਵਨ
ਭੋਗ ਅਤੇ ਮੌਤ ਦਾ ਉਪਦੇਸ਼ ਦੇਣ ਲੱਗਾ। ਸੇਠ ਲਈ ਰਜਨੀਸ਼ ਜੀ ਇਬਨੇ ਮਰੀਅਮ ਸਾਬਤ ਹੋਏ। ਰਜਨੀਸ਼ ਨੇ ਸੇਠ
ਨੂੰ ਵਿਸ਼ਵਾਸ ਦੁਆਇਆ ਕਿ ਉਹ ਉਹ ਨੂੰ ਆਪਣੇ ਮ੍ਰਿਤਕ ਪੁੱਤਰ ਨਾਲ ਮਿਲਵਾ ਦੇਣਗੇ। ਸੇਠ ਜੀ ਨੇ
ਵਿਸ਼ਵਾਸ ਵੀ ਕੀਤਾ ਅਤੇ ਇਸ ਅਲੋਕਿਕ ਕਰਾਮਾਤ ਦਾ ਰੱਜ ਕੇ ਪ੍ਰਚਾਰ ਵੀ ਕੀਤਾ।
ਉਹਨਾਂ ਦਿਨਾਂ ਵਿਚ 'ਧਰਮਯੁੱਗ' ਅਤੇ 'ਸਪਤਾਹਿਕ ਹਿੰਦੋਸਤਾਨ' ਦੇ ਕੀਮਤੀ
ਪੰਨਿਆਂ ਵਿਚ ਇਕ ਪਾਸੇ ਸੇਠ ਦੇ ਚਿੱਤਰਾਂ ਦਾ ਪੈਨਲ ਛੱਪਦਾ, ਦੂਜੇ ਬੰਨੇ ਰਜਨੀਸ਼ ਦੇ ਚਿੱਤਰ ਛਪਦੇ।
ਸੇਠ ਜੀ ਕਾਂਗਰਸ ਦੇ ਪੁਰਾਣੇ ਅਤੇ ਮਸ਼ਹੂਰ ਨੇਤਾ ਸਨ। ਮੈਂਬਰ ਪਾਰਲੀਮੈਂਟ ਸਨ। ਦਾਨੀ ਸਨ। ਇਉਂ
ਰਜਨੀਸ਼ ਅਪਣੇ ਦਰਸ਼ਨ ਸ਼ਾਸਤਰ ਅਨੁਸਾਰ ਸੇਠ ਜੀ ਨੂੰ ਦੁੱਖ ਦੇ ਭਵਸਾਗਰ ਵਿਚੋਂ ਪਾਰ ਕਰਨ ਵਿਚ ਕਾਮਯਾਬ
ਹੋ ਗਏ। ਉਹਨੀਂ ਦਿਨੀ. ਰਜਨੀਸ਼ ਦੀ ਪਹਿਲੀ ਪੁਸਤਕ ਛਪੀ। 'ਮੈਂ ਕੌਣ ਹੂੰ ?' ਮੁੱਖ ਪੰਨੇ ਤੇ ਸਵਾਲੀਆ
ਚਿੰਨ੍ਹ ਵਿਚ ਰਜਨੀਸ਼ ਦੀ ਤਸਵੀਰ ਛਪੀ ਸੀ। ਅਤੇ ਰੂਪ ਇਸ ਤਸਵੀਰ ਵਿਚ ਉਹ ਕਿਸੇ ਭਗਵਾਨ ਵਾਂਗ ਹਰ ਇਕ
ਨੂੰ ਅਸ਼ੀਰਵਾਦ ਦੇਂਦੇ ਦਿਸਦੇ ਸਨ। 1969
ਵਿਚ ਹਿੰਦੀ ਦੇ ਪ੍ਰਸਿੱਧ ਲੇਖਕ ਸ਼੍ਰੀ ਗੋਪਾਲ ਦਾਸ ਨੀਰਜ ਅਪਣੇ ਕਾਵਿ ਦਰਸ਼ਨ ਦਾ ਗੁਬਾਰ ਦਿਖਾਉਣ
ਜੱਬਲਪੁਰ ਆਏ। ਉਹਨਾਂ ਨੇ ਆਪਣੀ ਇਕ ਚਰਚਿਤ ਕਵਿਤਾ, ''ਹਰ ਘਾਟ ਜਲ ਪਿਆ ਹੈ, ਸਾਗਰ ਬਦਲ ਬਦਲ ਕੇ''
ਸੁਣਾਈ। ਇਹ ਪੰਗਤੀ ਰਜਨੀਸ਼ ਨੂੰ ਬੜੀ ਪਸੰਦ ਆਈ। ਅਗਲੇ ਦਿਨ ਨੀਰਜ ਜੀ ਕੁਝ ਕਾਵਿ ਪ੍ਰੇਮਣਾ ਨੂੰ ਲੈ
ਕੇ 'ਬੇੜਾ ਘਾਟ' ਦੀ ਧੂੰਆਧਾਰ ਵੇਖਣ ਗਏ। ਹਰ ਘਾਟ ਦਾ ਪਾਣੀ ਪੀਣ ਵਾਲੇ ਕਵੀ ਨੂੰ ਉਥੇ ਇਕ ਘਾਟ ਕੁਝ
ਜਿਆਦਾ ਹੀ ਪਸੰਦ ਆ ਗਿਆ। ਇਕ ਸਰਸਰੀ ਤੇ ਇਤਨਾਂ ਮੋਹਿਤ ਹੋ ਗਏ ਅਤੇ ਭੁੱਲ ਹੀ ਗਏ ਕਿ ਕਾਵਿ ਸ਼ਾਸਤਰ
ਵਿਚ ਦਖਸ਼ਿਣ ਨਾਇਕ ਵੀ ਹੁੰਦਾ ਹੈ, ਜੋ ਇਕੋ ਸਮੇਂ ਕਈ ਕਈ ਗੋਪੀਆਂ ਨੂੰ ਮੋਹਿਤ ਕਰ ਸਕਦਾ ਹੈ ਸੋ
ਨੀਰਜ ਜੀ, ਰਜਨੀਸ਼ ਜੀ ਦੀ ਈਰਖਾ ਦਾ ਸ਼ਿਕਾਰ ਹੋ ਗਏ।
ਦੂਜੇ ਦਿਨ ਸਰਸਰੀ ਕਾਂਡ ਦਾ ਜੱਬਲਪੁਰ ਵਿਚ ਇਨਾਂ ਪ੍ਰਸਾਰ ਹੋਇਆ ਕਿ ਲੋਕ
ਅਹਿੰਸਾ ਦੀ ਮਰਿਯਾਦਾ ਹੀ ਭੁੱਲ ਗਏ। ਨੀਰਜ ਜੀ ਨੂੰ ਅਲੀਗੜ੍ਹ ਭੱਜਣਾ ਪੈ ਗਿਆ। ਇਹ ਉਹ ਦਿਨ ਸਨ
ਜਦੋਂ ਪਾਰਸਾਈ ਜੀ ਨੇ ਰਜਨੀਸ਼ ਤੇ ਇਕ ਵਿਅੰਗ, 'ਟਾਰਚ ਵੇਚਣ ਵਾਲੇ' ਲਿਖਿਆ ਸੀ।
ਇਨਸਾਨ ਗੁਆਚ ਗਿਆ ਹੈ। ਉਹਨੂੰ ਅੰਦਰ ਦੀ ਲਾਲਟੈਣ
ਜਗਾਣੀ ਚਾਹੀਦੀ ਹੈ ਦਾ ਜਿਹੜਾ ਉਪਦੇਸ਼, ਵਿਦਿਆਰਥੀ ਰਜਨੀਸ਼ ਨੇ 1952 ਨੂੰ ਸਾਗਰ ਵਿਚ ਸ਼ੁਰੂ ਕੀਤਾ ਸੀ
ਇਕ ਅਧਿਆਤਮਿਕ ਮਸ਼ਾਲ ਬਣ ਮੱਚ ੱਉਠਿਆ ਸੀ। ਉਹਦੀ ਸਾਧਨਾਂ, ਉਹਦਾ ਟੀਚਾ ਪੂਰਾ ਹੋ ਰਿਹਾ ਸੀ। ਉਹ ਹੁਣ
ਤੱਕ ਦੇ ਇਤਿਹਾਸ ਵਿਚ ਸਭ ਤੋਂ ਧਨੀ ਭਗਵਾਨ ਬਣਨ ਦੇ ਰਾਹ ਤੇ ਤੁਰ ਪਿਆ।
ਰਜਨੀਸ਼ ਨੇ ਭਗਤੀ ਦਾ ਬੜਾ ਅਰਥ ਵਿਸਥਾਰ ਕੀਤਾ। ਪੈਸੇ ਨੂੰ ਜਿੱਤਨਾ ਉਹਨਾਂ
ਨਿਰਾਰਥਕ ਦੱਸਿਆ, ਉਤਨਾਂ ਹੀ ਜਿਆਦਾ ਪੈਸਾ ਇੱਕਠਾ ਹੋਇਆ। ਗਾਡਰਵਾੜਾ ਵਿਚ ਗੁਆਚੀ ਲਛਮੀ ਹੀ ਉਹਨਾਂ
ਲਈ ਸਭ ਤੋਂ ਵੱਡਾ ਮੌਖਸ਼ ਸੀ। ਹੋਰ ਕਿਸੇ ਮੌਖਸ਼ ਦੀ ਕੀ ਲੋੜ ਸੀ। ਧਰਮ ਅਤੇ ਕਾਮ, ਇਨ੍ਹਾਂ ਦੋ
ਪੁਰਸ਼ਰਥਾ ਨੂੰ ਉਹਨੈ ਅਰਥ ਦੀ ਬੈਲ- ਗੱਡੀ ਵਿਚ ਜੋ ਦਿੱਤਾ ਸੀ। ਰਜਨੀਸ਼ ਜਾਣਦਾ ਸੀ ਕਿ ਆਮ ਭਾਰਤੀ ਦਾ
ਜੀਵਨ, ਧਰਮ ਅਤੇ ਸੈਕਸ ਹੀ ਉਹ ਨੂੰ ਤਣਾਉ - ਮੁਕਤ ਕਰ ਸਕਦੇ ਹਨ। ਰਜਨੀਸ਼ ਨੇ ਧਰਮ ਅਤੇ ਸੈਕਸ ਨੂੰ
ਇਕ ਕਰ ਦਿੱਤਾ। ਸੰਭੋਗ ਸੈਕਸ ਦਾ ਚਰਮ ਛਿਣ (ਇਕਾਗਰ ਸਿਥਰ) ਹੈ ਅਤੇ ਸਮਾਧੀ ਧਰਮ ਦਾ ਇਕਾਗਰ ਛਿਣ
ਹੈ। ਇਕ ਆਮ ਭਾਰਤੀ ਨੂੰ ਧਰਮ ਨੂੰ ੱਉਚਾ ਅਤੇ ਸੈਕਸ ਨੁੰ ਨੀਵਾਂ ਸਮਝਣ ਦੀ ਸਿੱਖਿਆ ਦਿੱਤੀ ਜਾਂਦੀ
ਹੈ। ਉਹ ਦੋਹਾਂ ਤੋਂ ਹੀ ਅਭਿੱਜ ਰਹਿੰਦਾ ਹੈ। ਪਰ ਨਾ ਉਹ ਸੈਕਸ ਤੋਂ ਹੀ ਦੂਰ ਭੱਜ ਸਕਦਾ ਹੈ ਅਤੇ ਨਾ
ਹੀ ਧਰਮ ਤੋਂ। ਰਜਨੀਸ਼ ਨੇ ਸੈਕਸ ਦਾ
ਉਰਾਤੀਕਰਣ ਕਰਨਾ ਚਾਹਿਆ ਅਤੇ ਧਰਮ ਦਾ ਰੋਹਬ ਮੰਨਣ ਤੋਂ ਇਨਕਾਰ ਕਰ ਦਿੱਤਾ। ਸੈਕਸ ਅਤੇ ਧਰਮ ਦੇ
ਪਹੀਆਂ ਨੂੰ ਗਤੀਸ਼ੀਲ ਰੱਖਣ ਲਈ ਰਜਨੀਸ਼ ਨੇ ਅਰਥ ਨੂੰ ਧੁਰੀ ਬਣਾਇਆ। ਸੈਕਸ ਵਿਚ ਪਾਪ ਬੋਧ ਹੈ ਇਸਤੋਂ
ਮੁਕਤੀ ਦਿਵਾਉਣ ਲਈ ਉਹ ਸਾਰੀ ਉਮਰ ਲੱਗਾ ਰਿਹਾ। ਰਜਨੀਸ਼ ਨੇ ਸਾਰੀ ਉਮਰ ਧਰਮ ਦੀਆਂ ਦੀਵਾਰਾਂ ਢਾਹੁਣ
ਤੇ ਲਾ ਦਿੱਤੀ। ਬ੍ਰਮਚਰਯ ਉਹਨਾਂ ਦੀ ਦ੍ਰਿਸ਼ਟੀ ਵਿਚ ਅਸੁਭਾਵਿਕ ਸੀ।
ਰਜਨੀਸ਼ ਨੇ ਵਿਆਹ ਨਹੀਂ ਕੀਤਾ। ਅਸਲ ਵਿਚ ਉਸਦਾ
ਵਿਆਹ ਹੋਇਆ ਨਹੀਂ। ਦੋ ਤਿੰਨ ਥਾਵਾਂ ਦੇ ਗੱਲ ਚੱਲੀ ਵੀ, ਪਰ ਸਿਰੇ ਨਾ ਚੜ੍ਹੀ, ਲੜਕੀਆਂ ਦੇ ਮਾਂ
ਪਿਉ ਲੜਕੀਆਂ ਦਾ ਕੁਆਰਾਪਣ ਅਰਪਿਤ ਕਰਨ ਵਾਸਤੇ ਤਿਆਰ ਵੀ ਸਨ ਪਰ ਲੜਕੀਆਂ ਹੀ ਨਹੀਂ ਮੰਨੀਆਂ।
''ਬਾਬਾ ਜੀ ਨਾਲ ਸ਼ਾਦੀ ਕਰਨ ਤੋਂ ਤਾਂ ਅਸੀਂ ਐਂਵੇ ਠੀਕ ਹਾਂ।'' ਰਜਨੀਸ਼ ਖੁਦ ਸ਼ਾਦੀ ਦੇ ਹੱਕ ਵਿਚ
ਨਹੀਂ । ਕਿਉਂਕਿ ਗਾਡਰਵਾੜਾ ਦੀ ਲਛਮੀ ਭੁੱਲਦੀ ਨਹੀਂ ਸੀ। ਅਤੇ ਉਹੋ ਉਸਦੇ ਜੀਵਨ ਦਰਸ਼ਨ ਦੀ ਗੰਢ ਬਣ
ਗਈ ਸੀ। ਉਹਨਾਂ ਦੇ ਸੇਵਕ, ਰਜਨੀਸ਼ ਨੂੰ ਸ਼੍ਰੀ ਭਗਵਾਨ ਕਹਿਣ ਲੱਗੇ ਸਨ। ਅਤੇ ਉਹਨਾਂ ਨੂੰ ਲਿਖੇ ਖਤਾਂ
ਦੇ ਅੰਤ ਵਿਚ ਰਜਨੀਸ਼ ਵੱਲੋਂ ਉਹਨਾਂ ਨੂੰ ਆਸ਼ੀਰਵਾਦ ਦੇ ਰੂਪ ਵਿਚ ''ਭਗਵਾਨ ਸ਼੍ਰੀ ਦੇ ਆਸ਼ੀਰਵਾਦ''
ਲਿਖਿਆ ਹੁੰਦਾ। ਰਜਨੀਸ਼ ਜੀ ਦੇ ਪ੍ਰਵਚਨ ਅੰਮ੍ਰਿਤ ਬਚਨ ਅਖਵਾਉਣ ਲੱਗੇ। ਕੋਈ ਉਹਨਾਂ ਦੇ ਬੋਲੇ ਹੋਏ
ਬਚਨਾਂ ਨੂੰ ਲਿਖਦਾ, ਕੋਈ ਸੰਵਾਦ ਕਰਦਾ, ਕੋਈ ਛਾਪਦਾ, ਤੇ ਕੋਈ ਵੇਚਦਾ।
ਰਜਨੀਸ਼ ਫਾਊਂਡੇਸ਼ਨ ਤੋਂ ਹਿੰਦੀ ਅੰਗਰੇਜੀ ਵਿਚ
ਅਖਬਾਰ ਵੀ ਨਿਕਲੇ, 'ਰਜਨੀਸ਼ ਟਾਈਮਜ਼ ਇੰਟਰਨੈਸ਼ਨਲ''। ਰਜਨੀਸ਼ ਆਸ਼ਰਮ ਵਿਚ ਬੜੇ ਨਾਮੀ ਗਰਾਮੀ
ਫੋਟੋਗ੍ਰਾਫਰ ਰੱਖੇ ਗਏ। ਰਜਨੀਸ਼ ਜੀ ਦੀਆਂ ਬੜੀਆਂ ਆਕਰਸ਼ਕ ਅਤੇ ਮਨਮੋਹਕ ਤਸਵੀਰਾਂ ਖਿੱਚੀਆਂ
ਜਾਂਦੀਆਂ। ਪੂਰੀ ਮੰਡਲੀ ਇਸ ਉਜਾਲੇ ਨੂੰ ਵਿਸਤਰਿਤ ਕਰਨ ਵਿਚ ਲੱਗੀ ਹੋਈ ਸੀ। ਰਜਨੀਸ਼ ਜੀ, ''ਇਨਸਾਨ
ਗੁਆਚ ਗਿਆ ਹੈ।'' ਦਾ ਧੰਦਾ ਬੜੇ ਯੋਜਨਾਂ ਬੱਧ ਢੰਗ ਨਾਲ ਕਰਨ ਲੱਗੇ ਸਨ। ਇਉਂ ਗਾਡਰਵਾੜਾ ਦਾ ਰਜਨੀਸ਼
ਜੋ ਕਦੇ ਕੱਪੜਿਆਂ ਦੀ ਡੱਗੀ ਲੈ ਕੇ ਹਾਟ ਬਜਾਰ ਵਣਜ ਜਾਇਆ ਕਰਦਾ ਸੀ ਵਣਜ ਤਾਂ ਹੁਣ ਵੀ ਕਰਦਾ ਸੀ,
ਪਰ ਇਹ ਫੇਰੀ ਹੁਣ ਸਾਧਾਰਣ ਕੱਪੜਿਆਂ ਦੀ ਨਹੀਂ ਸੀ। ਸਗੋਂ ਅਧਿਆਤਮਿਕ ਦਾ ਵਣਜ ਸੀ, ਜੋ ਖੂਬ ਵਿਕਣ
ਲੱਗਾ ਸੀ। ਮੰਦਸੌਰ ਵਿਚ ਮੈਨੂੰ ਗਣਿਤ ਦੇ
ਬਹੁਤ ਸਿਆਣੇ ਅਤੇ ਯੁਵਾ ਅਧਿਆਪਕ ਮਿਲੇ। ਉਹ ਰਜਨੀਸ਼ ਤੋਂ ਦੀਖਿਆ ਲੈ ਚੁੱਕੇ ਸਨ ਅਤੇ ਘਰ ਵਿਚ
ਗੇਰੂਆਂ ਕੱਪੜੇ ਅਤੇ ਗਲ ਵਿਚ ਲਾਕਟ ਪਾਈ ਰੱਖਦੇ ਸਨ। ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੈਂ
ਰਜਨੀਸ਼ ਨਾਲ ਪੜ੍ਹ ਚੁੱਕਾ ਹਾਂ ਤਾਂ ਉਹ ਮੇਰੇ ਨਾਲ ਰਜਨੀਸ਼ ਬਾਰੇ ਗੱਲਾਂ ਕਰਨ ਲੱਗੇ। ਉਹਨਾਂ ਕਿਹਾ
ਕਿ ਰਜਨੀਸ਼ ਜੀ ਦੀ ਦੀਖਿਆ ਕਾਰਨ ਜਿਹੜੀਆਂ (ਸਰੀਰਕ) ਅਧਿਆਤਮਿਕ ਅਤੇ ਭੌਤਿਕ ਸੁਵਿਧਾਵਾਂ ਉਹ
ਚਾਹੁੰਦਾ ਸੀ, ਉਹੋ ਉਹਦੀ ਪਤਨੀ ਵੀ ਭੋਗਣਾ ਚਾਹੁੰਦੀ ਸੀ। ਗੱਲ ਗਾਲੀ ਗਲੋਚ ਤੋਂ ਹੁੰਦੀ ਹੋਈ ਝਾੜੂ
ਚੱਪਲਾਂ ਦੀ ਮਾਰ ਤੱਕ ਪਹੁੰਚ ਗਈ। ਉਸਦੀ ਪਤਨੀ ਚਲੀ ਗਈ ਸੀ ਅਤੇ ਉਹਨੇ ਵਾਪਿਸ ਆਉਣ ਲਈ ਇਕੋ ਸ਼ਰਤ
ਰੱਖੀ ਸੀ ਕਿ ਜਾਂ ਤਾਂ ਉਹ ਰਜਨੀਸ਼ੀ ਲਾਕੇਟ ਉਤਾਰ ਦੇਵੇ, ਜਾਂ ਉਹਨੂੰ ਵੀ ਸੰਭੋਗ ਤੋਂ ਸਮਾਧੀ ਤੱਕ
ਮਿਲਣ ਵਾਲੀਆਂ ਸੁਵਿਧਾਵਾਂ ਭੋਗਣ ਦੇਵੇ।
ਠੀਕ ਅਜਿਹਾ ਹੀ ਅਨੁਭਵ ਫਰਟੀਲਾਈਜਰ ਪਲਾਂਟ ਦੇ ਸਹਾਇਕ ਯੰਤਰੀ ਨੂੰ ਵੀ ਹੋਇਆ। ਰਜਨੀਸ਼ ਜੀ ਦੀ ਦੀਖਿਆ
ਮਗਰੋਂ ਉਹ ਵੀ ਪ੍ਰੇਮ - ਪ੍ਰਮੋਦ ਹੋ ਗਏ। ਸਯੰਤਰ ਦੇ ਅਧਿਕਾਰੀਆਂ ਨੂੰ ਉਹ ਆਪਣੇ ਸਤਿਧਰਮ ਰਜਨੀਸ਼
ਮੈਡੀਟੇਸ਼ਨ ਸੈਂਟਰ ਵਿਚ ਉਹੋ ਕੁਝ ਸਿਖਾਉਂਦੇ ਜੋ ਉਹ ਪੂਨੇ ਤੋਂ ਸਿਖ ਕੇ ਆਏ ਸਨ। ਪਤਨੀ ਦਾ ਫਰਜ
ਕੇਵਲ ਇਹੋ ਰਹਿ ਗਿਆ ਕਿ ਉਹ ਚਾਹ ਪਾਣੀ ਕਰੇ। ਪਰ ਜਦੋਂ ਉਹਨੇ ਵੀ ਪਤੀ ਦੇ ਪ੍ਰਵਚਨਾਂ ਦਾ ਅਭਿਆਸ
ਕਰਨਾ ਚਾਹਿਆ ਤਾਂ ਪਤੀਦੇਵ ਕੱਪੜਿਆਂ ਤੋਂ ਬਾਹਰ ਹੋ ਗਏ। ਸਭ ਮਾਲ ਸਬਾਬ ਸਮੇਟ ਕੇ ਪੇਕੇ ਚਲੀ ਗਈ।
ਪ੍ਰਮੋਦ ਜੀ ਵੇਖਦੇ ਹੀ ਰਹਿ ਗਏ। ਹੋ
ਸਕਦੈ ਰਜਨੀਸ਼ ਦੀ ਵੀ ਪਤਨੀ ਹੁੰਦੀ ਤਾਂ ਉਹ ਵੀ ਪਤੀ ਦੇ ਕਾਰਨਾਮਿਆਂ ਕਾਰਨ ਪੇਕੇ ਚਲੀ ਜਾਂਦੀ ਜਾਂ
ਉਹ ਵੀ ਉਹੋ ਕੁਝ ਕਰਦੀ ਜੋ ਰਜਨੀਸ਼ ਦੀਆਂ ਭਗਤਣੀਆਂ ਕਰ ਰਹੀਆਂ ਸਨ।
ਇਹ ਗੱਲ ਸੰਨ 1972 ਦੇ ਨੇੜੇ ਦੀ ਹੋਵੇਗੀ। ਰਜਨੀਸ਼ ਜੀ ਭਾਰਤ ਦੇ ਪ੍ਰਸਿੱਧ
ਸ਼ਹਿਰਾਂ ਵਿਚ ਘੁੰਮ ਘੁੰਮ ਕੇ ਪ੍ਰਵਚਨ ਕਰਨ ਲੱਗੇ ਸਨ। ਕੁਝ ਸਾਧਨਾਂ ਸ਼ਿਵਰਾਂ ਦਾ ਵੀ ਪ੍ਰਬੰਧ ਕੀਤਾ
ਗਿਆ ਸੀ ਅਜਿਹੇ ਹੀ ਇਕ ਸ਼ਿਵਰ ਵਿਚ ਰਜਨੀਸ਼ ਜੀ ਦਿੱਲੀ ਆਏ ਸਨ। ਹਰੀਵੰਸ਼ ਰਾਇ ਬਚਨ ਜੀ ਵੀ ਰਜਨੀਸ਼ ਨੂੰ
ਮਿਲਣ ਆਏ ਸਨ। ਰਜਨੀਸ਼ ਨੇ ਬਚਨ ਜੀ ਨੂੰ
ਇੰਦਰਾ ਗਾਂਧੀ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ ਸੀ। ਬਚਨ ਜੀ ਨੇ ਇੰਦਰਾ ਜੀ ਨਾਲ ਗੱਲ ਵੀ ਕੀਤੀ,
ਇੰਦਰਾ ਜੀ ਨੇ ਰਜਨੀਸ਼ ਨੂੰ ਸੁਣਿਆ ਵੀ ਸੀ ਪਰ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ, ''ਉਹਨਾਂ ਦੇ
ਵਿਚਾਰ ਅਵਿਵਹਾਰਕ ਰੂਪ ਵਿਚ ਕ੍ਰਾਂਤੀਕਾਰੀ ਨੇ।'' ਜੇਕਰ ਇੰਦਰਾ ਗਾਂਧੀ ਜੀ ਵਰਗੀ ਆਧੁਨਿਕ ਔਰਤ ਲਈ
ਵੀ ਰਜਨੀਸ਼ ਦੇ ਵਿਚਾਰ ਕ੍ਰਾਂਤੀਕਾਰੀ ਸਨ ਤਾਂ ਜੱਬਲਪੁਰ ਲਈ ਰਜਨੀਸ਼ ਨੂੰ ਸੰਭਾਲਣਾ ਕਿੰਨਾ ਮੁਸ਼ਕਿਲ
ਰਿਹਾ ਹੋਵੇਗਾ। ਉਹਨਾਂ ਜੱਬਲਪੁਰ ਨੂੰ ਛੱਡ ਦੇਣ ਵਿਚ ਹੀ ਭਲਾ ਸਮਝਿਆ। ਉਹ ਬੰਬਈ ਆ ਗਏ।
ਬੰਬਈ ਵਿਚ ਰਜਨੀਸ਼ ਨੇ ਅੱਡੀਆਂ ਤੱਕ ਲੰਮਾਂ ਚੋਲਾ ਪਾ ਕੇ ਇਕ ਤਰ੍ਹਾਂ
ਭਗਵਾਨ ਹੋਣ ਦਾ ਐਲਾਨ ਕਰ ਦਿੱਤਾ ਸੀ।
ਭਗਵਾਨ ਬਣਨ ਤੋਂ ਪਹਿਲਾਂ ਰਜਨੀਸ਼ ਨਾਲ ਮੇਰੀ ਅਕਸਰ ਮੁਲਾਕਾਤ ਹੋ ਜਾਂਦੀ। ਸਾਗਰ ਅਤੇ ਜੱਬਲਪੁਰ ਵਿਚ
ਤਾਂ ਅਸੀਂ ਉਚੇਚੇ ਵੀ ਮਿਲੇ। ਪਰ ਇਕ ਦੋ ਪ੍ਰਸੰਗਾਂ ਕਰਕੇ ਮੈਂ ਤਿੜਕ ਗਿਆ। ਮਾਰਚ 1969 ਨੂੰ ਟਾਊਨ
ਹਾਲ ਵਿਚ ਹੋ ਰਹੇ ਪ੍ਰਵਚਨ ਵਿਚ ਉਹਨਾਂ ਕਿਹਾ ਕਿ, ''ਕੋਈ ਬੁਧੀਮਾਨ ਕਦੇ ਕਿਸੇ ਦਾ ਅਨੁਯਾਈ ਨਹੀਂ
ਬਣਦਾ। ਸਿਰਫ ਬੁਧੀਹੀਨ ਲੋਕ ਹੀ ਅਨੁਯਾਈ (ਪੈਰੋਕਾਰ) ਬਣਦੇ ਹਨ। ਅਨੁਯਾਈਆਂ ਦੀ ਜਮਾਤ ਬੁਧੀਹੀਣਾਂ
ਅਤੇ ਸਟੂਪਿਡਾ (ਮੂਰਖਾਂ) ਦੀ ਜਮਾਤ ਹੈ।'' ਮੈਨੂੰ ਅੱਜ ਤੱਕ ਸਾਰੇ ਜੀਵਨ ਵਿਚ ਕਿਸੇ ਨੇ ਸਟੂਪਿਡ
ਨਹੀਂ ਸੀ ਕਿਹਾ। ਅਤੇ ਮੈਂ ਇਹ ਵੀ ਨਹੀਂ ਸੀ ਚਾਹੁੰਦਾ ਕਿ ਕੋਈ ਮੈਨੂੰ ਭਵਿੱਖ ਵਿਚ ਸਟੂਪਿਡ ਕਹੇ
ਜਾਂ ਸਮਝੇ, ਭਾਵੇਂ ਉਹ ਭਗਵਾਨ ਵੀ ਕਿਉਂ ਨਾਹਵੇ। ਮੈਨੂੰ ਸਾਗਰ ਵਿਚ ਮੇਰੇ ਅੰਗਰੇਜ਼ੀ ਦੇ
ਪ੍ਰੋਫੈਸਰਾਂ ਨੇ ਦੱਸਿਆ ਕਿ ਮੂਰਖਾਂ ਦੀਆਂ ਤਿੰਨ ਕੋਟੀਆਂ ਹੁੰਦੀਆਂ ਨੇ। ਫੂਲਿਸ਼, ਈਡੀਅਟ ਅਤੇ
ਸਟੂਪਿਡ। ਸਾਗਰ ਵਿਚ ਰਜਨੀਸ਼ ਮੈਥੋਂ ਜੂਨੀਅਰ ਸੀ ਅਤੇ ਵਾਧੇ ਦੀ ਗੱਲ ਇਹ ਕਿ ਮੈਨੂੰ ਉਹਦੇ ਇਕ ਜੇਬ
ਵਿਚ ਮੂੰਗਫਲੀ ਅਤੇ ਦੂਜੇ ਵਿਚ ਕਾਜੂ ਪਾ ਕੇ ਰੱਖਣ ਦਾ ਅੰਤਰ ਵੀ ਪਤਾ ਸੀ।
ਸਾਗਰ ਦੇ ਵਿਦਿਆਰਥੀ ਜੀਵਨ ਵਿਚ ਰਜਨੀਸ਼ ਨੂੰ ਭੋਜਨ ਕਰਨ ਸਮੇਂ ਮਿਕਸ
(ਰਲੀਆਂ ਮਿਲੀਆਂ) ਸਬਜੀਆਂ ਦੀ ਭਾਜੀ ਚੰਗੀ ਲੱਗਦੀ। ਕੰਟੀਨ ਦੇ ਪ੍ਰੋਪਰਾਈਟਰ, ਗਜਾਧਰ ਪ੍ਰਸਾਦ ਜੈਨ
ਬੜੇ ਹੱਸਮੁਖ ਅਤੇ ਉਧਾਰ ਸੁਭਾਅ ਵਾਲੇ ਸਨ। ਉਹ ਧੰਦਾ ਵੀ ਕਰਦੇ ਅਤੇ ਵਿਦਿਆਰਥੀਆਂ ਦਾ ਧਿਆਨ ਵੀ
ਰੱਖਦੇ। ਐਤਵਾਰ ਨੂੰ ਮਿਕਸ ਵੈਜੀਟੇਬਲ ਸਬਜੀ ਨੂੰ ਯਾਦਗਾਰੀ ਬਣਾਉਣ ਲਈ ਗਜਾਧਰ ਪ੍ਰਸਾਦ ਜੀ ਸਬਜ਼ੀ
ਵਿਚ ਇਕ ਕਾਜੂ ਪਾ ਦਿੰਦੇ। ਜਿਸਦੀ ਕੌਲੀ ਵਿਚੋਂ ਉਹ ਕਾਜੂ ਨਿਕਲਦਾ, ਗਜਾਧਰ ਜੀ ਉਹ ਨੂੰ ਇਕ ਬੂੰਦੀ
ਦਾ ਲੱਡੂ ਵਾਧੂ ਦਿੰਦੇ। ਪਰ ਇਕ ਦਿਨ
ਹੇਰਾ ਫੇਰੀ ਹੋ ਗਈ। ਜੈਨ ਸਾਹਿਬ ਇਕ ਲੜਕੇ ਨੂੰ ਕਾਜੂ ਦੇ ਬਦਲੇ ਲੱਡੂ ਖੁਆ ਚੁੱਕੇ ਸਨ। ਲੜਕਾ ਜਾ
ਚੁੱਕਾ ਸੀ ਪਰ ਜਦੋਂ ਰਜਨੀਸ਼ ਜੀ ਆਏ ਤਾਂ ਉਹਦੀ ਕਟੋਰੀ ਵਿਚੋਂ ਵੀ ਕਾਜੂ ਨਿਕਲ ਆਇਆ। ਪੂਰੀ ਦਰਿਆਫਤ
ਕੀਤੀ ਗਈ। ਇਹ ਰਜਨੀਸ਼ ਜੀ ਦੀ ਕਟੋਰੀ ਵਿਚੋਂ ਦੂਜਾ ਕਾਜੂ ਕਿਵੇਂ ਨਿਕਲ ਆਇਆ। ਪਰ ਪ੍ਰਸਾਦ ਜੀ ਕੌਲ
ਦੇ ਪੱਕੇ ਸਨ। ਉਹਨੇ ਰਜਨੀਸ਼ ਨੂੰ ਵੀ ਲੱਡੂ ਦੇ ਦਿੱਤਾ। ਪਰ ਹੁਣ ਹਰ ਵਾਰੀ ਮੇਵੇ ਬਦਲ ਕੇ ਪੈਣ ਲੱਗ
ਪਏ। ਕਦੇ ਛੁਹਾਰਾ ਕਦੇ ਬਦਾਮ। ਪਰ ਅਸੀਂ ਰਜਨੀਸ਼ ਦੇ ਬਹੁਤ ਅਹਿਸਾਨ ਮੰਦ ਹੋਏ ਜਿਸਦੀ ਕਲਾ ਨੇ ਸਾਨੂੰ
ਵੱਖ ਵੱਖ ਮੇਵੇ ਖਾਣ ਦਾ ਮੌਕਾ ਦਿੱਤਾ। ਰਜਨੀਸ਼ ਦੇ ਪ੍ਰਵਚਨ ਵਿਚ ਅਨੇਕ ਤਰ੍ਹਾਂ ਦੇ ਗੰ੍ਰਥਾਂ ਵਿਚੋਂ
ਹਵਾਲੇ ਹੁੰਦੇ। ਵੇਦ, ਉਪਨਿਸ਼ਦ, ਪੁਰਾਣ, ਸੁਆਮੀ ਰਾਮ ਤੀਰਥ, ਰਾਮਾਂ ਨੰਦ, ਵਿਵੇਕਾ ਨੰਦ, ਮਹਾਤਮਾ
ਗਾਂਧੀ, ਸੁਕਰਾਤ, ਮੁੱਲਾਂ ਨਸੁਰਦੀਨ ਤੇ ਕਈ ਹੋਰ। ਬਿਲਕੁਲ ਰਲੀਆਂ ਮਿਲੀਆਂ ਸਬਜੀਆਂ ਦੇ ਭੋਜ ਵਰਗੇ।
ਉਸਦੇ ਭਾਸ਼ਨ ਵਿਚ ਮੈਨੂੰ ਇਕ ਦਿਨ ਜਿਹੜਾ ਕਾਜੂ ਮਿਲਿਆ ਸੀ, ਬੜਾ ਪੌਸ਼ਟਿਕ ਲੱਗਿਆ। ਉਸਨੇ ਕਿਹਾ ਸੀ
ਕਿ 'ਮੂਰਖ ਲੋਕ ਹੀ ਕਿਸੇ ਦੇ ਪੈਰੋਕਾਰ ਬਣਦੇ ਹਨ।' ਸ਼ਬਦਾਂ ਦੇ ਇਸ ਕਾਜੂ ਨੂੰ ਮੈਂ ਕਈ ਵਰ੍ਹੇ ਆਪਣੇ
ਮੂੰਹ ਵਿਚ ਪਪੇਲਦਾ ਰਿਹਾ। ਰਜਨੀਸ਼ ਦੇ ਕਈ ਜਾਣੂ ਮਿੱਤਰ ਅਤੇ ਸੇਵਕ ਮੇਰੇ ਵਾਕਿਫ ਸਨ। ਲੋਕ ਉਨ੍ਹਾਂ
ਦੇ ਪ੍ਰਭਾਵ ਥੱਲੇ ਵੀ ਆ ਜਾਂਦੇ ਹਨ। ਪਰ ਰਜਨੀਸ਼ ਬਾਰੇ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਸੀ ਉਹ
ਮੈਨੂੰ ਗੱਲ ਵਿਚ ਰਜਨੀਸ਼ੀ ਲਾਕੇਟ ਪਾਉਣ ਲਈ ਪ੍ਰੇਰਦੀ ਨਹੀਂ ਸੀ।
ਪੂਨੇ ਵਿਚ ਸਥਿਤ ਕੋਰੇਗਾਂਵ ਪਾਰਕ ਨੇੜੇ ਰਜਨੀਸ਼ ਆਸ਼ਰਮ ਵਿਚ ਵੀ ਮੈਂ ਗਿਆ
ਸਾਂ। ਪਰ ਕੇਵਲ ਇਕੋ ਵਾਰ ਹੀ। ਇਕ ਵਾਰ ਏਸ
ਲਈ ਕਿ ਜਦੋਂ ਮੈਂ ਰਜਨੀਸ਼ ਪ੍ਰਵਚਨ ਸੁਣਨ ਲਈ ਸਤਸੰਗ ਹਾਲ ਵਿਚ ਜਾਣ ਲੱਗਾ ਤਾਂ ਕਿਸੇ ਲਛਮੀ ਨੇ ਮੇਰਾ
ਸਿਰ ਸੁੰਘ ਕੇ ਕਿਹਾ ਕਿ ਰਜਨੀਸ਼ ਜੀ ਨੂੰ ਅਸਥਮਾ ਹੈ, ਅਤੇ ਸੁੰਗਧੀ ਤੋਂ ਉਹਨਾਂ ਨੂੰ ਅਲਰਜੀ ਹੈ।
ਤਾਂ ਭਗਵਾਨਾਂ ਦੀ ਇਕ ਲੜੀ ਮੇਰੇ ਦਿਮਾਗ ਵਿਚ ਚੱਕਰ ਕੱਟਣ ਲੱਗੀ। ਮੈਂ ਸੋਚਣ ਲੱਗਾ ਕਿ ਕਦੇ ਅੱਜ
ਤੋਂ ਪਹਿਲਾਂ ਕਿਸੇ ਭਗਵਾਨ ਨੂੰ ਕਦੇ ਕੋਈ ਰੋਗ ਹੋਇਆ ਹੈ? ਭਾਰਤੀ ਪੁਰਾਣ ਗ੍ਰੰਥਾਂ ਵਿਚ ਵੱਖ- ਵੱਖ
ਭਗਵਾਨਾਂ ਦੇ ਪਸੰਦੀਦਾ ਯੁੱਧਾਂ, ਸੁਆਰੀਆਂ, ਫੁੱਲਾਂ ਅਤੇ ਪਹਿਰਾਵਿਆਂ ਆਦਿ ਦਾ ਜਿਕਰ ਤਾਂ ਹੈ ਪਰ
ਮੇਰੀ ਜਾਣਕਾਰੀ ਅਨੁਸਾਰ ਕਿਸੇ ਬਿਮਾਰੀ ਦਾ ਨਹੀਂ ਰਜਨੀਸ਼ ਸ਼ਾਇਦ ਪਹਿਲਾਂ ਅਜਿਹਾ ਭਗਵਾਨ ਸੀ ਜਿਹੜਾ
ਦਮਾ ਰੋਗ ਦੇ ਨਾਲ ਨਾਲ ਕਿਸੇ ਚਮੜੀ ਰੋਗ ਤੋਂ ਵੀ ਪੀੜਤ ਸੀ।
ਕੀ ਉਸਦੀ ਹੀਰਿਆਂ ਨਾਲ ਜੜੀ ਕਨਪਟੀਆਂ ਤੱਕ ਫੈਲੀ ਟੋਪੀ ਅਤੇ ਅੱਡੀਆਂ ਤੱਕ
ਲੰਮੇ ਚੋਲੇ ਥੱਲੇ ਕਿਸੇ ਚਮੜੀ ਰੋਗ ਨੂੰ ਢੱਕਣ ਦੀ ਕੋਈ ਕੋਸ਼ਿਸ਼ ਹੀ ਤਾਂ ਨਹੀਂ ਸੀ। ਭਗਵਾਨ ਰਜਨੀਸ਼
ਨੂੰ ਉਸਦੀ ਸਿਹਤ ਬਾਰੇ ਕੋਈ ਵੀ ਪ੍ਰਸ਼ਨ ਪੁਛਣ ਦੀ ਮਨਾਹੀ ਸੀ। ਕਿਉਂਕਿ ਉਹ ਸ਼ਾਇਦ ਆਪਣੇ ਰੋਗਾਂ ਬਾਰੇ
ਸੱਚ ਬੋਲ ਨਹੀਂ ਸਨ ਸਕਦੇ, ਤੇ ਝੂਠ ਉਹ ਬੋਲਣਾ ਨਹੀਂ ਸੀ ਚਾਹੁੰਦੇ। ਇਸ ਲਈ ਭਗਵਾਨ ਨੂੰ ਉਹ ਕਿਸੇ
ਮੁਸ਼ਕਿਲ ਵਿਚ ਕਿਉਂ ਪਾਉਣ। ਅਸਲ ਵਿਚ
ਰਜਨੀਸ਼ ਆਪਣੇ ਰੋਗਾਂ ਦਾ ਇਲਾਜ ਕਰਵਾਉਣਾ ਵੀ ਚਾਹੁੰਦੇ ਸਨ, ਪਰ ਪ੍ਰਸਿੱਧੀ, ਪ੍ਰਤਿਸ਼ਠਤਾ ਅਤੇ
ਭਗਵਾਨਗਿਰੀ ਨੂੰ ਕਾਇਮ ਰੱਖਦੇ ਹੋਏ ਇਲਾਜ ਕਰਨ ਵਾਲਾ ਡਾਕਟਰ ਨਾ ਮਿਲ ਸਕਿਆ। ਖਾਸ ਕਰ ਅਜਿਹਾ ਡਾਕਟਰ
ਜੋ ਉਹਨਾਂ ਦੇ ਨਿਜ ਦਾ ਭੇਤੀ ਬਣ ਸਕੇ। ਉਹਨਾਂ ਨੇ ਬੰਬਈ ਦੇ ਇਕ ਪ੍ਰਸਿੱਧ ਪ੍ਰਾਕਿਰਤਕ ਚਕਿਤਸਕ ਅਤੇ
ਦਮਾ ਰੋਗ ਵਿਸ਼ੇਸਗ ਡਾ: ਕ੍ਰਿਸ਼ਨ ਮੁਰਾਰੀ ਦੀ ਕੀਰਤੀ ਸੁਣੀ ਹੋਈ ਸੀ। ਰਜਨੀਸ਼ ਵੱਲੋਂ ਆਸ਼ਰਮ ਦਾ ਇਕ
ਸੰਨਿਆਸੀ ਡਾ: ਮੁਰਾਰੀ ਦੇ ਫਲੈਟ ਨੰਬਰ 14 ਵਿਚ ਬਲੈਂਕ ਚੈਕ ਲੈ ਕੇ ਆਇਆ। ਉਹਨੈ ਭਗਵਾਨ ਦੇ ਰੋਗ ਦਾ
ਸੰਕੇਤ ਦਿੱਤਾ ਅਤੇ ਖੁੱਲ੍ਹੇ ਰੂਪ ਵਿਚ ਇਲਾਜ ਕਰਨ ਦੀਆਂ ਕਠਨਾਈਆਂ ਬਿਆਨ ਕੀਤੀਆਂ ਅਤੇ ਅਰਜ਼ ਕੀਤੀ
ਕਿ ਇਲਾਜ ਦੌਰਾਨ ਭਗਵਾਨ ਰਜਨੀਸ਼ ਚਾਹੁੰਦੇ ਨੇ ਕਿ ਤੁਸੀਂ ਆਸ਼ਰਮ ਵਿਚ ਹੀ ਰਹੋ। ਬਦਲੇ ਵਿਚ ਤੁਸੀਂ ਇਸ
ਖਾਲੀ ਚੈਕ ਵਿਚ ਜਿਤਨੀ ਮਰਜੀ ਰਕਮ ਭਰ ਲਵੋ। ਕਿਉਂਕਿ ਇਹ ਚੈਕ ਆਪ ਜੀ ਲਈ ਹੀ ਭੇਜਿਆ ਗਿਆ ਹੈ। ਪਰ
ਸ਼ਰਤ ਇਹ ਹੈ ਕਿ ਇਲਾਜ ਦੌਰਾਨ ਨਾ ਤਾਂ ਮੁਰਾਰੀ ਕਿਸੇ ਨੂੰ ਮਿਲਣਗੇ, ਨਾ ਕਿਸੇ ਹੋਰ ਦਾ ਇਲਾਜ
ਕਰਨਗੇ। ਪਰ ਡਾ: ਮੁਰਾਰੀ ਨੇ ਇਨਕਾਰ ਕਰ ਦਿੱਤਾ। ਉਸਨੇ ਕਿਹਾ ਮੈਂ ਡਾਕਟਰ ਹਾਂ ਬੰਦੀ ਨਹੀਂ ਹਾਂ।।
ਲਗਪਗ ਉਹਨਾਂ ਦਿਨਾਂ ਵਿਚ ਮੈਂ ਬੰਬਈ ਵਿਚ ਕਰਿਸ਼ਨ ਮੁਗਰੀ ਜੀ ਦਾ
ਪ੍ਰਹਾਉਣਾ ਸਾਂ। ਮੁਰਾਰੀ ਜੀ ਮੇਰੇ ਪੁਰਾਣੇ ਮਿੱਤਰ ਹਨ। ਇਉਂ ਬਿਮਾਰੀ ਵੱਧਦੀ ਗਈ ਅਤੇ ਸਮਾਂ ਬੀਤਦਾ
ਗਿਆ। ਰਜਨੀਸ਼ ਚਾਹੁੰਦਾ ਸੀ ਕਿ ਉਹਦੇ
ਨਵੇਂ ਸੰਨਿਆਸ ਵਿਚ ਉਹਦੇ ਸਾਰੇ ਪੁਰਾਣੇ ਮਿੱਤਰ ਦੋਸਤ, ਰਿਸ਼ਤੇਦਾਰ ਉਸ ਤੋਂ ਦੀਖਿਆ ਲੈ ਲੈਣ। ਆਪਣੇ
ਮਾਤਾ ਪਿਤਾ ਨੂੰ ਰਜਨੀਸ਼ ਦੀਖਿਆ ਦੇ ਦਿੱਤੀ ਸੀ। ਰਜਨੀਸ਼ ਨੇ ਕੁੰਭ ਦੇ ਮੇਲੇ ਤੇ ਜਿਥੇ ਆਪਣਾ
ਡੇਰਾ ਲਾਇਆ ਹੋਇਆ ਸੀ, ਉਥੇ ਸਾਗਰ ਯੂਨੀਵਰਸਿਟੀ ਦੇ ਆਪਣੇ ਗੁਰੂ ਜੀ ਸ਼ਿਵ ਸ਼ੰਕਰ ਰਾਇ ਨੂੰ ਵੀ
ਬੁਲਾਇਆ। ਹਾਲਾਂ ਕਿ ਸ਼ਿਵ ਸ਼ੰਕਰ ਰਾਇ ਨੇੜੇ ਹੀ ਰਹਿੰਦੇ ਸਨ। ਪਰ ਉਹ ਗਏ ਨਹੀਂ। ਰਜਨੀਸ਼ ਨੇ ਸਾਗਰ
ਯੂਨੀਵਰਸਿਟੀ ਵਿਚ ਦਰਸ਼ਨ ਸ਼ਾਸਤਰ ਦੇ ਉਘੇ ਪ੍ਰੋਫੈਸਰ ਸ਼ਿਵਕੁਮਾਰ ਸ਼੍ਰੀ ਵਾਸਤਵ ਨੂੰ ਵੀ ਪੂਨਾ ਆਉਣ ਦਾ
ਸੱਦਾ ਦਿੱਤਾ ਸੀ। ਰਜਨੀਸ਼ ਦੇ ਪ੍ਰਵਚਨਾਂ
ਵਿਚ ਮੋਹਿਨੀ ਸੀ। ਉਸਦੇ ਤਰਕ ਰੇਸ਼ਮ ਦੀ ਡੋਰੀ ਵਰਗੇ ਸਨ। ਜੋ ਸੁਣਨ ਵਾਲੇ ਨੂੰ ਬੰਨ ਲੈਂਦੇ ਸਨ।
ਰਜਨੀਸ਼ ਜਦੋਂ ਮੈਨੂੰ ਪੂਨੇ ਆਉਣ ਲਈ ਕਹਿੰਦੇ, ਮੈਨੂੰ ਏਲਸੀਬਾਇਡੀਜ਼ ਦੀ ਗੱਲ ਯਾਦ ਆਉਂਦੀ। ਉਹ
ਸੁਕਰਾਤ ਦਾ ਸਾਥ ਛੱਡ ਕੇ ਭੱਜ ਨਿਕਲਿਆ ਸੀ। ਕਿਉਂਕਿ ਉਸਨੇ ਸੋਚਿਆ ਕਿ ਜੇ ਮੈਂ ਨਾ ਗਿਆ ਤਾਂ ਮੈਂ
ਸਾਰਾ ਜੀਵਨ ਸੁਕਰਾਤ ਨੂੰ ਸੁਣਨ ਤੋਂ ਇਲਾਵਾ ਹੋਰ ਕੁਝ ਕਰ ਹੀ ਨਹੀਂ ਸਕਾਂਗਾ।
ਪਰ ਭਗਵਾਨ ਰਜਨੀਸ਼ ਨੇ ਸੁਣੀਆਂ ਸੁਣਾਈਆਂ ਗੱਲਾਂ
ਤੇ ਅਧਾਰਿਤ ਕੋਈ ਰਾਇ ਬਣਾਉਣਾ ਉਚਿਤ ਨਹੀਂ ਸਮਝਿਆ। ਸੋਚਿਆ ਕਿਉਂਕਿ ਜ਼ੰਨਤ ਦੀ ਹਕੀਕਤ ਜਾਣ ਹੀ ਲਈ
ਜਾਵੇ। ਆਖਿਰ ਮੇਰੇ ਯਾਰ ਵਿਚ ਅਜਿਹਾ ਕੀ ਹੈ ਜਿਹੜੀ ਉਸਦੀ ਇਨੀਂ ਪੂਜਾ ਹੋ ਰਹੀ ਹੈ। ਲੋਕ ਦੀਵਾਨੇ
ਹੋਏ ਪਏ ਹਨ। ਤੇ ਉਹ ਨੂੰ ਭਗਵਾਨ ਮੰਨ ਰਹੇ ਹਨ।
ਮੈਂ ਪੂਨੇ ਪਹੁੰਚਿਆ। ਕਾਰਡ ਵਗੈਰਾ ਬਣਵਾਇਆ। ਭਗਵਾਨ ਆਪਣੀ ਏਅਰ ਕੰਡੀਸ਼ਨ
ਕਾਰ ਵਿਚ ਸਤਸੰਗ ਘਰ ਵਿਚ ਆਉਣ ਵਾਲੇ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਆਪਣੀ ਥਾਂ ਤੇ ਬੈਠ ਜਾਣਾ
ਜਰੂਰੀ ਸੀ। ਰਜਨੀਸ਼ ਆਏ ਤਾਂ ਮੈਂ ਉਹਨਾਂ ਵੱਲ ਦੇਖਦਾ ਹੀ ਰਹਿ ਗਿਆ। ਉਹ ਬਹੁਤ ਸ਼ਾਨ ਨਾਲ ਆਏ ਸਨ।
ਸਿਰ ਤੇ ਹੀਰਿਆਂ ਜੜੀ ਟੋਪੀ, ਕਲਾਈ ਤੇ ਪਤਾ ਨਹੀਂ ਕਿਤਨੇ ਰਤਨਾਂ ਨਾਲ ਜੜੀ ਹੋਈ ਘੜੀ, ਸਫੈਦ ਲਹਿ
ਲਹਾਉਂਦੀ ਦਾੜੀ, ਮੈਂ ਰਜਨੀਸ਼ ਦੇ ਚਿਹਰੇ ਵੱਲ ਦੇਖਦਾ ਉਸ ਵਿਚੋਂ ਕੁਚਵਾੜੇ ਦਾ ਮੁੰਡਾ, ਗਾਡਰਵਾੜੇ
ਦਾ ਰਜਨੀ, ਸਾਗਰ ਯੂਨੀਵਰਸਿਟੀ ਵਾਲਾ ਰਜਨੀਸ਼, ਜੱਬਲਪੁਰ ਦਾ ਆਰ ਐਸ ਜੈਨ ਅਤੇ ਗੋਕਲ ਦਾਸ ਪੈਲਸ ਦਾ
ਅਚਾਰੀਯਾ ਲੱਭਦਾ ਰਿਹਾ। ਪਰ ਉਥੇ ਇਹਨਾਂ ਵਿਚੋਂ ਮੈਨੂੰ ਕੋਈ ਵੀ ਨਾ ਲੱਭਾ। ਮੈਂ ਭਗਵਾਨ ਨੂੰ ਬਹੁਤ
ਨੇੜਿਉਂ ਹੋ ਕੇ ਵੇਖਣਾ ਚਾਹੁੰਦਾ ਸੀ। ਪਰ ਦਰਵਾਜੇ ਵਿਚ ਖੜ੍ਹੀ ਕਿਸੇ ਲਛਮੀ ਨੇ ਨੇੜੇ ਹੋ ਕੇ ਮੇਰਾ
ਸਿਰ ਸੁੰਘਿਆ ਉਥੇ ਉਹਨੂੰ ਕੋਈ ਇਤਰਾਜਯੋਗ ਸੁੰਗਧੀ ਨਹੀਂ ਮਿਲੀ। ਮੈਂ ਦੇਖਿਆ ਦਰਵਾਜੇ ਤੇ ਮੋਟੇ
ਅੱਖਰਾਂ ਵਿਚ ਲਿਖਿਆ ਹੋਇਆ ਸੀ। ''ਆਪਣੇ ਜੁੱਤੇ ਅਤੇ ਦਿਮਾਗ ਬਾਹਰ ਰੱਖ ਕੇ ਆਉ।'' ਜੁੱਤੇ ਬਾਰੇ
ਮੇਰਾ ਅਨੁਭਵ ਚੰਗਾ ਨਹੀਂ ਸੀ। ਕਿਉਂਕਿ ਕਾਸ਼ੀ ਦੇ ਵਿਸ਼ਵਨਾਥ ਮੰਦਰ ਵਿਚ, ਕੁਸ਼ੀਨਗਰ ਦੇ ਬੁੱਧ ਚੈਤਾਲਯ
ਵਿਚ ਜਾਂ ਸ਼ਿਖਰ ਜੀ ਦੇ ਜੈਨ ਮੰਦਿਰ ਵਿਚ ਮੈਂ ਜੁੱਤੇ ਉਤਾਰ ਕੇ ਹੀ ਅੰਦਰ ਗਿਆ ਸੀ। ਪਰ ਬਾਹਰ ਆਇਆ
ਤਾਂ ਦੇਖਿਆ ਕਿ ਜੁੱਤੇ ਹੀ ਗਾਇਬ ਹਨ। ਮੈਂ ਸੋਚਿਆ ਕੀ ਇਥੇ ਮੇਰੇ ਜੁੱਤੀ ਸਲਾਮਤ ਰਹਿ ਸਕੇਗੀ ?
ਪੱਕਾ ਭਰੋਸਾ ਨਹੀਂ ਸੀ। ਮੇਰੇ ਜੁੱਤੇ ਵੀ ਨਵੇਂ ਸਨ ਅਤੇ ਮਾਈਂਡ ਵੀ ਮੇਰਾ ਆਪਣਾ ਸੀ, ਜੇਕਰ ਉਹ
ਗਾਇਬ ਹੋ ਗਿਆ ਜਾਂ ਬਦਲ ਗਿਆ ਤਾਂ ਕੀ ਕਰਾਂਗਾ ? ਮੈਂ ਬਾਹਰੋਂ ਹੀ ਪਰਤ ਆਇਆ।
ਮੈਂ ਆਸ਼ਰਮ ਵਿਚੋਂ ਸਹੀ ਸਲਾਮਤ ਪਰਤ ਆਇਆ। ਪਰ ਰਜਨੀਸ਼ ਦਾ ਜਲੌਅ,
ਐਸ਼ਪ੍ਰਸਤੀ, ਅਤੇ ਆਪਣੇ ਸੇਵਕਾਂ ਉਤੇ ਸੰਮੋਹਨ ਦਾ ਜਾਦੂ, ਕਮਿਊਨ ਦਾ ਚ੍ਰਚਿਤ ਪ੍ਰਬੰਧ, ਲਛਮੀਪਤੀ
ਹੋਣ ਦੀ ਉਹਦੀ ਇੱਛਾ ਮੈਨੂੰ ਹਮੇਸ਼ਾਂ ਫਿਕਰਮੰਦ ਕਰਦੀ ਰਹੀ। ਮੈਂ ਤਾਂ ਉਹਨਾਂ ਲੋਕਾਂ ਲਈ ਵੀ
ਫਿਕਰਮੰਦ ਸਾਂ ਜਿਨ੍ਹਾਂ ਦੇ ਨਾ ਜੁੱਤੇ ਸਲਾਮਤ ਸਨ ਨਾ ਮਾਈਂਡ। ਉਂਝ ਇਹ ਮੰਨਣਾ ਪਵੇਗਾ ਕਿ ਰਜਨੀਸ਼
ਨੇ ਜੋ ਸੋਚਿਆ ਉਹ ਉਸ ਟੀਚੇ ਤੱਕ ਜਰੂਰ ਪਹੁੰਚਿਆ।Ð
|